ਲੁਧਿਆਣਾ, 20 ਜੁਲਾਈ (ਜਸਵਿੰਦਰ ਸਿੰਘ)-ਬਾਗਬਾਨੀ ਵਿਭਾਗ ਪੰਜਾਬ ਵਲੋਂ ਰਾਜ ਪੱਧਰੀ ਨਾਸ਼ਪਾਤੀ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਅੰਮਿ੍ਤਸਰ ਵਿਖੇ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਤੋਂ ਨਾਸ਼ਪਾਤੀ ਕਾਸ਼ਤਕਾਰ ਕਿਸਾਨਾਂ ਅਤੇ ਨਾਸ਼ਪਾਤੀ ਫਲ ਤੋਂ ਵੱਖ ਵੱਖ ਉਤਪਾਦ ਤਿਆਰ ਕਰਨ ਵਾਲੀਆਂ ਸੰਸਥਾਵਾਂ ਅਤੇ ਪੰਜਾਬ ਭਰ ਦੇ ਬਾਗ਼ਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵਲੋਂ ਭਾਗ ਲਿਆ ਗਿਆ | ਇਸ ਮੌਕੇ ਨਾਸ਼ਪਾਤੀ ਫਲ ਅਤੇ ਇਸ ਤੋਂ ਤਿਆਰ ਉਤਪਾਦਾਂ ਦੀ ਗੁਣਵੱਤਾ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬਾਗ਼ਬਾਨੀ ਵਿਭਾਗ ਲੁਧਿਆਣਾ ਦੀ ਸਰਕਾਰੀ ਫਲ ਸੁਰੱਖਿਆ ਲੈਬੋਰੇਟਰੀ ਵਲੋਂ ਭੇਜੇ ਗਏ ਨਾਸ਼ਪਾਤੀ ਦੇ ਸੁਕੇਸ਼, ਜੂਸ, ਜੈਮ, ਚਟਣੀ ਆਦਿ ਦੇ ਸੈਂਪਲਾਂ ਦੇ ਕੁੱਲ 8 ਸ਼੍ਰੇਣੀਆਂ ਵਿਚ ਜੇਤੂ ਕਰਾਰ ਦਿੱਤਾ ਗਿਆ | ਇਸ ਮੌਕੇ ਬਾਗਬਾਨੀ ਵਿਭਾਗ ਜ਼ਿਲ੍ਹਾ ਲੁਧਿਆਣਾ ਵਲੋਂ ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ ਬੈਨੀਪਾਲ ਅਤੇ ਬਾਗਬਾਨੀ ਵਿਕਾਸ ਅਫ਼ਸਰ ਡਾ. ਜਸਪ੍ਰੀਤ ਕੌਰ ਗਿੱਲ ਸਿੱਧੂ ਵਲੋਂ ਬਾਗਬਾਨੀ ਮੰਤਰੀ ਪੰਜਾਬ ਮੋਹਿੰਦਰ ਭਗਤ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਡਾ. ਸ਼ੈਲੇਂਦਰ ਕੌਰ ਤੋਂ ਇਨਾਮ ਪ੍ਰਾਪਤ ਕੀਤੇ ਗਏ | ਇਸ ਮੌਕੇ ਬਾਗਬਾਨੀ ਮੰਤਰੀ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਵਲੋਂ ਸਰਕਾਰੀ ਫਲ ਸੁਰੱਖਿਆ ਲੈਬੋਰੇਟਰੀ ਲੁਧਿਆਣਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ |