ਇਆਲੀ/ਥਰੀਕੇ, 19 ਜੁਲਾਈ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਇਆਲੀ ਕਲਾਂ ਵਿਖੇ ਹਰ ਮਹੀਨੇ ਦੀ ਤਰ੍ਹਾਂ ਅੱਜ ਸੰਗਰਾਂਦ ਵਾਲੇ ਦਿਨ ਕਰਵਾਇਆ ਜਾਣ ਵਾਲਾ ਗੁਰਮਤਿ ਸਮਾਗਮ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਹਾ | ਮੈਨੇਜਰ ਗੁਰਚਰਨ ਸਿੰਘ ਪੁਰਬਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਨੰਦੇੜ ਮਹਾਰਾਸ਼ਟਰ ਵਾਲਿਆਂ ਦੇ ਜਥੇਦਾਰ ਬਾਬਾ ਗੁਰਜੀਤ ਸਿੰਘ ਕਾਰ ਸੇਵਾ ਇਆਲੀ ਕਲਾਂ ਵਾਲਿਆਂ, ਪਿੰਡ ਵਾਸੀਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਦੀ ਸੰਗਰਾਂਦ ਨੂੰ ਕਰਵਾਇਆ ਜਾਣ ਵਾਲਾ ਗੁਰਮਤਿ ਸਮਾਗਮ ਇਸ ਬਾਰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਰਿਹਾ | ਇਸ ਦੌਰਾਨ ਸਵੇਰ ਦੇ ਨਿੱਤਨੇਮ ਤੋਂ ਬਾਅਦ ਹਜ਼ੂਰੀ ਰਾਗੀ ਜਥਾ ਭਾਈ ਪ੍ਰਭਜੋਤ ਸਿੰਘ ਗੰਗਾ ਨਗਰ ਵਾਲਿਆਂ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਅਤੇ ਢਾਡੀ ਜਥਾ ਅਮਰਜੀਤ ਸਿੰਘ ਸਿਧਵਾਂ, ਢਾਡੀ ਜਥਾ ਬੀਬੀ ਰਛਪਾਲ ਕੌਰ ਨਕੋਦਰ ਵਾਲਿਆਂ ਦੇ ਜਥੇ ਨੇ ਢਾਡੀ ਵਾਰਾਂ ਅਤੇ ਕਥਾਵਾਚਕ ਗੁਰਬਖ਼ਸ਼ ਸਿੰਘ ਕੈਨੇਡਾ ਨੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਇਤਿਹਾਸ ਸੁਣਾ ਕੇ ਗੁਰੂ ਸ਼ਬਦ ਨਾਲ ਜੋੜਿਆ ਅਤੇ ਸਮਾਪਤੀ 'ਤੇ ਸਰਬੱਤ ਦੇ ਭਲੇ ਲਈ ਅਰਦਾਸ ਹੈਂਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਹੁਕਮਨਾਮਾ ਸਰਵਣ ਕਰਵਾਇਆ | ਇਸ ਮੌਕੇ ਸੰਗਤਾਂ ਲਈ ਖੀਰ ਅਤੇ ਮਾਲ-ਪੂੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ |