ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੋਕਾਂ ਵਿਚ ਸਾਈਬਰ ਸੁਰੱਖਿਆ ਜਾਗਰੂਕਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਵਿਚ ਇਕ ਆਧੁਨਿਕ ਸਾਈਬਰ ਕਿਓਸਕ ਮਸ਼ੀਨ ਦਾ ਉਦਘਾਟਨ ਕੀਤਾ ਗਿਆ | ਉਦਘਾਟਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨਰ ਆਫ਼ ਪੁਲਿਸ ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਇਹ ਸਾਈਬਰ ਕਿਓਸਕ ਇਕ ਵਿਸ਼ੇਸ਼ਤਾਪੂਰਕ ਜਨਤਕ ਮਸ਼ੀਨ ਹੈ, ਜੋ ਕਿ ਮੋਬਾਈਲ ਫ਼ੋਨ ਅਤੇ ਟੈਬਲੈਟ ਵਰਗੇ ਡਿਜੀਟਲ ਡਿਵਾਈਸਾਂ ਨੂੰ ਮਾਲਵੇਅਰ, ਸਪਾਈਵੇਅਰ ਅਤੇ ਹੋਰ ਸਾਈਬਰ ਖ਼ਤਰਿਆਂ ਲਈ ਸਕੈਨ ਕਰਨ ਲਈ ਬਣਾਈ ਗਈ ਹੈ | ਇਹ ਮਸ਼ੀਨ ਉੱਚ ਆਵਾਜਾਈ ਵਾਲੇ ਸਰਕਾਰੀ ਇਲਾਕੇ ਵਿਚ ਲਗਾਈ ਗਈ ਹੈ, ਤਾਂ ਜੋ ਲੋਕ ਜਨਤਕ ਵਾਈ ਫਾਈ-ਵਰਤਣ ਜਾਂ ਸੰਵੇਦਨਸ਼ੀਲ ਡਾਟਾ ਟਰਾਂਸਫ਼ਰ ਕਰਨ ਤੋਂ ਪਹਿਲਾਂ ਆਪਣੀਆਂ ਡਿਵਾਈਸਾਂ ਦੀ ਮੁਫ਼ਤ ਜਾਂਚ ਕਰ ਸਕਣ | ਮੰਤਰੀ ਸੰਜੀਵ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਈਬਰ ਹਾਈਜੀਨ ਦੀ ਜਾਗਰੂਕਤਾ ਅੱਜ ਦੇ ਡਿਜੀਟਲ ਯੁੱਗ ਵਿਚ ਬਹੁਤ ਜ਼ਰੂਰੀ ਹੈ ਅਤੇ ਲੁਧਿਆਣਾ ਪੁਲਿਸ ਵਲੋਂ ਲਿਆ ਗਿਆ ਇਹ ਕਦਮ ਸਰਾਹਣਯੋਗ ਹੈ | ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੀ ਇਸ ਉਪਰਾਲੇ ਦੀ ਮਹੱਤਤਾ ਬਾਰੇ ਦੱਸਿਆ ਕਿ ਪੁਲਿਸ ਵਿਭਾਗ ਨਾਗਰਿਕ ਸੁਰੱਖਿਆ ਲਈ ਸਮਾਰਟ ਤਕਨੀਕਾਂ ਨੂੰ ਰੋਜ਼ਾਨਾ ਕਾਰਜ ਵਿਚ ਲਿਆਉਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਵੇਗਾ |