ਲੁਧਿਆਣਾ, 19 ਜੁਲਾਈ (ਜਸਵਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਕਿ ਪੰਜਾਬ ਨੂੰ ਭਿ੍ਸ਼ਟਾਚਾਰ ਮੁਕਤ, ਕਾਨੂੰਨ, ਅਮਨ-ਸ਼ਾਂਤੀ ਕਾਇਮ ਕਰਨ ਅਤੇ ਯੁੱਧ ਨਸ਼ਿਆਂ ਵਿਰੁੱਧ ਵਰਗੀਆਂ ਮੁਹਿੰਮਾਂ ਚਲਾ ਕੇ ਸੂਬੇ ਵਿਚ ਦੂਜੀ ਵਾਰ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿਚ ਆਏ ਦਿਨ ਲੁੱਟ-ਖੋਹ ਅਤੇ ਗੋਲੀ ਚੱਲਣ, ਕਤਲ ਆਦਿ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ | ਨਸ਼ੇ ਵਿਚ ਧੁੱਤ ਨਸ਼ੇੜੀ ਕਿਸੇ ਵੀ ਕਿਸਮ ਦੀ ਵਾਰਦਾਤ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ | ਗਿੱਲ ਰੋਡ ਸਥਿਤ ਦਾਣਾ ਮੰਡੀ ਲੁੱਟਾਂ-ਖੋਹਾਂ ਕਰਨ ਵਾਲੇ ਅਤੇ ਨਸ਼ੇੜੀਆਂ ਦੇ ਲੁਕਣ ਦੀ ਪਹਿਲੀ ਪਸੰਦ ਬਣੀ ਹੋਈ ਹੈ | ਇਸ ਦੇ ਨਾਲ ਹੀ ਦਾਣਾ ਮੰਡੀ ਦੇ ਵਿਚ ਨਾਜਾਇਜ਼ ਕਬਜ਼ਾਧਾਰੀਆਂ ਨੂੰ ਕੋਈ ਰੋਕਣ-ਟੋਕਣ ਵਾਲਾ ਨਾ ਹੋਣ ਕਰਕੇ ਨਾਜਾਇਜ਼ ਕਬਜ਼ੇ ਦਿਨ-ਬ-ਦਿਨ ਵਧਦੇ-ਫੁੱਲਦੇ ਜਾ ਰਹੇ ਹਨ | ਦਾਣਾ ਮੰਡੀ ਦੇ ਵਿਚ ਹੋਏ ਨਜਾਇਜ਼ ਕਬਜ਼ਾਧਾਰੀ ਇਨ੍ਹਾਂ ਖੋਖੇ ਰੇਹੜੀਆਂ ਝੁੱਗੀਆਂ ਆਦਿ ਤੋਂ ਆਪਣੇ ਜਾਇਜ਼-ਨਾਜਾਇਜ਼ ਕੰਮਕਾਰ ਵੀ ਚਲਾ ਰਹੇ ਹਨ ਤੇ ਰਾਤ ਨੂੰ ਇੱਥੇ ਹੀ ਸੌਂ ਜਾਂਦੇ ਹਨ | ਨਸ਼ੇੜੀਆਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨਾਲ ਵੀ ਇਹਨਾਂ ਦੀ ਕਥਿਤ ਤੌਰ 'ਤੇ ਮਿਲੀ ਭੁਗਤ ਦੀ ਚਰਚਾ ਹੈ | ਲੁੱਟਾਂ ਖੋਹਾਂ ਕਰਨ ਵਾਲੇ ਨਸ਼ੇੜੀ ਵੱਡੀਆਂ ਵਾਰਦਾਤਾਂ ਕਰਕੇ ਇਹਨਾਂ ਝੁੱਗੀਆਂ-ਝੌਂਪੜੀਆਂ ਵਿਚ ਹੀ ਗ਼ਾਇਬ ਹੋ ਜਾਂਦੇ ਹਨ, ਜਿਨ੍ਹਾਂ ਨੂੰ ਲੱਭਣਾ ਜ਼ਿਲ੍ਹਾ ਪ੍ਰਸ਼ਾਸਨ ਲਈ ਵੀ ਟੇਢੀ ਖੀਰ ਬਣ ਜਾਂਦਾ ਹੈ | ਦਾਣਾ ਮੰਡੀ ਵਿਚ ਹੋਏ ਕਬਜ਼ਿਆਂ ਦੇ ਮਾਮਲੇ ਵਿਚ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਅਣਗਹਿਲੀ ਵੀ ਜੱਗ ਜ਼ਾਹਿਰ ਹੈ, ਜਿਸ ਸਦਕਾ ਅੱਜ ਇਹ ਕਈ ਸਾਲਾਂ ਤੋਂ ਇੱਥੇ ਟਿਕੇ ਹੋਏ ਹਨ | ਜੇਕਰ ਇਹਨਾਂ ਨਾਜਾਇਜ਼ ਕਬਜ਼ਾਧਾਰੀਆਂ ਦੀ ਪ੍ਰਸ਼ਾਸਨ ਡੁੰਘਾਈ ਨਾਲ ਜਾਂਚ-ਪੜਤਾਲ ਕਰੇ ਤਾਂ ਕਈ ਖ਼ੁਲਾਸੇ ਹੋ ਸਕਦੇ ਹਨ | ਆਸ-ਪਾਸ ਦੇ ਮਹੱਲਾ ਨਿਵਾਸੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਗੱਲ ਕਰਦਿਆਂ ਕਿਹਾ ਕਿ ਇੱਥੇ ਦੇਰ ਸ਼ਾਮ ਨਸ਼ਾ ਵੀ ਵਿਕਦਾ ਹੈ | ਦਾਣਾ ਮੰਡੀ ਵਿਚ ਕੋਈ ਰੋਕ-ਟੋਕ ਨਾ ਹੋਣ ਅਤੇ ਰੇਲਵੇ ਲਾਈਨ ਨਜ਼ਦੀਕ ਹੋਣ ਕਰਕੇ ਇਹ ਇੱਥੇ ਹੀ ਨਸ਼ਾ ਵੇਚਦੇ ਅਤੇ ਕਰਦੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਵੀ ਕਰਦੇ ਹਨ | ਜੇਕਰ ਪੁਲਿਸ ਪ੍ਰਸ਼ਾਸਨ ਲਗਾਤਾਰ ਇੱਥੇ ਆਪਣਾ ਸਰਚ ਅਭਿਆਨ ਚਲਾਵੇ ਤਾਂ ਸਾਨੂੰ ਮੁਹੱਲਾ ਨਿਵਾਸੀਆਂ ਨੂੰ ਵੀ ਇਨ੍ਹਾਂ ਨਸ਼ੇੜੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੋਂ ਨਿਜਾਤ ਮਿਲ ਜਾਵੇਗੀ |