ਲੁਧਿਆਣਾ, 18 ਜੁਲਾਈ (ਭੁਪਿੰਦਰ ਸਿੰਘ ਬੈਂਸ)-ਭਾਵੇਂ ਕਿ ਨਗਰ ਨਿਗਮ ਨੰੂ ਰਾਸ਼ਟਰੀ ਸਵੱਛ ਸਰਵੇਖਣ 'ਚ ਰਾਸ਼ਟਰੀ ਦਰਜਾਬੰਦੀ ਵਿਚ 39ਵਾਂ ਸਥਾਨ ਮਿਲਿਆ ਹੈ | ਪਰ ਹਕੀਕਤ ਵਿਚ ਨਗਰ ਨਿਗਮ ਸ਼ਹਿਰ ਵਿਚੋਂ ਕੂੜੇ ਦਾ ਉਚਿਤ ਪ੍ਰਬੰਧ ਹਾਲੇ ਤੱਕ ਕਰਨ ਵਿਚ ਨਾਕਾਮ ਸਾਬਿਤ ਹੋ ਰਿਹਾ ਹੈ | ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ, ਖਾਲੀ ਪਲਾਟਾਂ ਵਿਚ ਕੂੜਾ ਪਿਆ ਆਮ ਦੇਖਿਆ ਜਾ ਸਕਦਾ ਹੈ | ਹਾਲਾਂਕਿ ਨਗਰ ਨਿਗਮ ਵਲੋਂ ਸ਼ਹਿਰ ਵਿਚੋਂ ਕੂੜੇ ਦਾ ਉਚਿਤ ਪ੍ਰਬੰਧ ਕਰਨ ਲਈ ਵੱਡੇ-ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ | ਸਮੇਂ-ਸਮੇਂ ਉਚ ਅਧਿਕਾਰੀਆਂ ਵਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੰੂ ਸ਼ਹਿਰ ਵਿਚੋਂ ਕੂੜੇ ਦੇ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ | ਪਰ ਇਸਦੇ ਬਾਵਜੂਦ ਸ਼ਹਿਰ ਵਿਚੋਂ ਕੂੜਾ ਦੂਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ | ਨਗਰ ਨਿਗਮ ਅਨੁਸਾਰ ਹਰ ਦਿਨ ਕਰੀਬ 1100 ਟਨ ਕੂੜਾ ਸ਼ਹਿਰ ਵਿਚੋਂ ਨਿਕਲਦਾ ਹੈ ਤੇ ਸਾਲ 2024 ਵਿਚ ਇਸ ਕੂੜੇ ਨੰੂ ਤਾਜਪੁਰ ਰੋਡ ਦੀ ਡੰਪਿਗ ਸਾਈਡ 'ਤੇ ਡੰਪ ਕਰ ਦਿੱਤਾ ਜਾਂਦਾ ਰਿਹਾ ਹੈ | ਪਰ ਹੁਣ ਸਾਲ 2025 ਵਿਚ ਨਗਰ ਨਿਗਮ ਵਲੋਂ ਵਿਸ਼ੇਸ਼ ਉਪਰਾਲੇ ਤਹਿਤ ਇਸ ਕੁਲ ਕੂੜੇ ਵਿਚੋਂ 700 ਟਨ ਕੂੜੇ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਚਾਰ ਸੌ ਟਨ ਕੂੜਾ ਪ੍ਰਤੀ ਦਿਨ ਬਚ ਰਿਹਾ ਹੈ | ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਦ ਤੱਕ ਪੂਰੇ ਸ਼ਹਿਰ ਵਿਚੋਂ ਨਿਰੰਤਰ ਕੂੜਾ ਚੱੁਕਿਆ ਨਹੀਂ ਜਾਵੇਗਾ, ਤਦ ਤੱਕ ਸ਼ਹਿਰ ਸਵੱਛ ਕਿਵੇਂ ਬਣ ਸਕਦਾ ਹੈ | ਨਗਰ ਨਿਗਮ ਵਲੋਂ ਪੇਪਰਾਂ ਵਿਚ ਤਾਂ ਸ਼ਹਿਰ ਵਿਚੋਂ ਪ੍ਰਤੀ ਦਿਨ ਨਿਕਲਦੇ ਕੂੜੇ ਦਾ ਸਹੀ ਨਿਪਟਾਰਾ ਦੱਸਕੇ 39ਵਾਂ ਰੈਂਕ ਤਾਂ ਜ਼ਰੂਰ ਹਾਸਿਲ ਕਰ ਲਿਆ ਗਿਆ ਹੈ | ਪਰ ਜ਼ਮੀਨੀ ਪੱਧਰ ਤੇ ਨਗਰ ਨਿਗਮ ਨੰੂ ਕੂੜੇ ਨੰੂ ਲੈਕੇ ਹੋਰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਸਵੱਛ ਸਰਵੇਖਣ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ ਅਤੇ ਨਗਰ ਨਿਗਮ ਲੁਧਿਆਣਾ ਨੂੰ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਸ ਵਿਚ ਨਗਰ ਨਿਗਮ ਨੇ ਰਾਸ਼ਟਰੀ ਦਰਜਾਬੰਦੀ 'ਚ 39ਵਾਂ ਰੈਂਕ ਪ੍ਰਾਪਤ ਕੀਤਾ ਹੈ |