27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਇਲਾਕੇ ਦੇ 96 ਪਿੰਡਾਂ ਨੂੰ ਸਿਹਤ ਸਹੂਲਤ ਦੇਣਾ ਵਾਲਾ ਸਿਵਲ ਹਸਪਤਾਲ ਸਿੱਧਵਾਂ ਬੇਟ ਸਾਬਿਤ ਹੋ ਰਿਹੈ ਸਫੈਦ ਹਾਥੀ <br/>

ਅਜੀਤ ਡੈਸਕ 19-07-2025
ਸਿੱਧਵਾਂ ਬੇਟ, 18 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਭਲੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਪਣੀ ਪਹਿਲਾਂ ਵਾਲੀ ਦਿੱਲੀ 'ਆਪ' ਸਰਕਾਰ ਦੀ ਤਰਜ 'ਤੇ ਸੂਬੇ ਦੇ ਵੱਖ-ਵੱਖ ਪਿੰਡਾਂ ਵਿਚ ਕਈ ਆਮ ਆਦਮੀ ਮੁਹੱਲਾ ਕਲੀਨਿਕ ਤਾਂ ਚਾਲੂ ਕਰ ਦਿੱਤੇ ਪਰ ਸਥਾਨਕ ਕਸਬੇ ਦਾ 30 ਬਿਸਤਰਿਆਂ ਵਾਲਾ ਅਤੇ ਕਰੀਬ 96 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਸਿਵਲ ਹਸਪਤਾਲ ਖੁਦ ਆਈ.ਸੀ.ਯੂ. ਵਿਚ ਚਲਾ ਗਿਆ ਹੈ ਅਤੇ ਇਕ ਤਰ੍ਹਾਂ ਨਾਲ ਅੱਜ ਦੀ ਘੜੀ ਇਹ ਹਸਪਤਾਲ ਸਫੈਦ ਹਾਥੀ ਹੀ ਸਾਬਿਤ ਹੋ ਕੇ ਰਹਿ ਗਿਆ ਜਾਪਦਾ ਹੈ | ਜੇਕਰ ਅੱਜ ਸਿਰਫ਼ ਇਸ ਹਸਪਤਾਲ ਅਧੀਨ ਪੈਂਦੇ 4 ਮੁਢਲੇ ਸਿਹਤ ਕੇਂਦਰ ਅਤੇ 11 ਸਬ-ਸਿਡਰੀ ਕੇਂਦਰਾਂ ਦੀ ਤਰਸਯੋਗ ਹਾਲਤ ਨੂੰ ਛੱਡ ਕੇ ਸਿਰਫ਼ ਸਥਾਨਕ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਸੂਬਾ ਸਰਕਾਰ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀਆਂ ਗੱਲਾਂ ਸਿਰਫ਼ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਗਈਆਂ ਹਨ | ਕਿਉਂਕਿ ਇਸ ਹਸਪਤਾਲ ਨੂੰ ਸਿਰਫ਼ ਇਕ ਹੀ ਡਾਕਟਰ ਚਲਾ ਰਿਹਾ ਹੈ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਦੀਪ ਸਿੱਧੂ ਛੁੱਟੀ ਲੈ ਕੇ ਵਿਦੇਸ਼ ਚਲੇ ਗਏ | ਉਨ੍ਹਾਂ ਦੀ ਥਾਂ 'ਤੇ ਡਾ: ਕਰਨ ਅਰੋੜਾ ਨੂੰ ਐੱਸ.ਐੱਮ.ਓ. ਦਾ ਵਾਧੂ ਚਾਰਜ ਦੇ ਦਿੱਤਾ ਗਿਆ | ਉਹ ਵੀ ਕੁਝ ਦਿਨ ਡਿਊਟੀ ਕਰਨ ਉਪਰੰਤ ਇਕ ਹਫਤੇ ਦੀ ਛੁੱਟੀ 'ਤੇ ਚਲੇ ਗਏ ਪਰ ਅਜੇ ਤੱਕ ਵਾਪਿਸ ਡਿਊਟੀ 'ਤੇ ਨਹੀਂ ਆ ਰਹੇ | ਇਸ ਤੋਂ ਇਲਾਵਾ ਹਸਪਤਾਲ ਵਿਚ ਇਕ ਹੋਰ ਤਾਇਨਾਤ ਮੈਡੀਕਲ ਅਫ਼ਸਰ ਡਾ: ਅੰਕਿਤਾ ਵੀ ਸੱਟ ਲੱਗਣ ਕਾਰਨ ਮੈਡੀਕਲ ਛੁੱਟੀ ਲੈ ਗਏ | ਹੁਣ ਹਸਪਤਾਲ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਸਿਰਫ਼ ਇਕ ਐੱਮ.ਐੱਸ. ਡਾਕਟਰ ਸਰਵਪ੍ਰੀਤ ਸਿੰਘ ਮੱਲ੍ਹੀ ਹੀ ਹਾਜ਼ਰ ਹਨ | ਜਿੰਨ੍ਹਾਂ ਨੂੰ ਦਫਤਰੀ ਕੰਮਕਾਜ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚੋਂ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ ਕਈ ਸਰਜਰੀਆਂ ਵੀ ਕਰਨੀਆਂ ਪੈ ਰਹੀਆਂ ਹਨ | ਇਕ ਤਰ੍ਹਾਂ ਨਾਲ ਹਸਪਤਾਲ ਦਾ ਸਮੁੱਚਾ ਕੰਮ ਸਿਰਫ਼ ਡਾ: ਮੱਲ੍ਹੀ ਦੇ ਮੋਢਿਆਂ 'ਤੇ ਆਣ ਪਿਆ ਹੈ | ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਨੇ ਪਿਛਲੇ ਕਈ ਸਾਲਾਂ ਤੋਂ ਪਿੰਡਾਂ ਵਿਚ ਆਸ਼ਾ ਵਰਕਰਾਂ ਵੀ ਰੱਖੀਆਂ ਹੋਈਆਂ ਹਨ ਜੋ ਗਰਭਪਤੀ ਔਰਤਾਂ ਨੂੰ ਹਸਪਤਾਲ ਲਿਆਉਣ ਦੀ ਡਿਊਟੀ ਨਿਭਾਉਂਦੀਆਂ ਹਨ ਪਰ ਪਿਛਲੇ ਦੋ ਸਾਲਾਂ ਤੋਂ ਹਸਪਤਾਲ ਵਿਚ ਗਾਇਨੀ ਡਾਕਟਰ ਦੀ ਅਸਾਮੀ ਹੀ ਖਾਲੀ ਪਈ ਹੋਈ ਹੈ | ਜਿਸ ਨਾਲ ਲੋੜਵੰਦ ਔਰਤਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਆਪਣਾ ਮਹਿੰਗਾ ਇਲਾਜ ਕਰਵਾਉਂਣਾ ਪੈਂਦਾ ਹੈ | ਵੱਡੀ ਗੱਲ ਇਹ ਵੀ ਹੈ ਕਿ 2 ਵਜੇ ਤੋਂ ਬਾਅਦ ਕੋਈ ਵੀ ਮੈਡੀਕਲ ਅਫ਼ਸਰ ਹਸਪਤਾਲ ਵਿਚ ਨਹੀਂ ਹੁੰਦਾ | ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਕਿਸੇ ਮਰੀਜ਼ ਨੂੰ ਐਮਰਜੈਂਸੀ ਇਲਾਜ ਲਈ ਆਉਣਾ ਪੈਂਦਾ ਹੈ ਤਾਂ ਡਿਊਟੀ 'ਤੇ ਤਾਇਨਾਤ ਸਟਾਫ਼ ਨਰਸਿੰਗ ਜਾਂ ਦਰਜਾ ਚਾਰ ਮੁਲਾਜ਼ਮਾਂ ਵਲੋਂ ਅਜਿਹੇ ਮਰੀਜ਼ਾਂ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ | ਕਈ ਵਾਰ ਕਿਸੇ ਬਿਮਾਰੀ ਤੋਂ ਜ਼ਿਆਦਾ ਪੀੜ੍ਹਤ ਲੋਕ ਵੱਡੇ ਹਸਪਤਾਲਾਂ ਵਿਚ ਜਾਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ | ਹੈਰਾਨੀ ਦੀ ਗੱਲ ਇਹ ਵੀ ਹੈ ਕਿ ਹਸਪਤਾਲ ਵਿਚ ਮੁਲਾਜ਼ਮਾਂ ਜਾਂ ਆਮ ਮਰੀਜ਼ਾਂ ਦੀ ਸਹੂਲਤ ਲਈ ਦੋ ਐਂਬੂਲੈਂਸਾਂ ਤਾਂ ਖੜ੍ਹੀਆਂ ਹਨ ਪਰ ਇੰਨ੍ਹਾਂ ਨੂੰ ਚਲਾਉਣ ਵਾਲਾ ਕੋਈ ਵੀ ਵਿਭਾਗੀ ਡਰਾਈਵਰ ਨਹੀਂ ਹੈ | ਇਸ ਲਈ ਕਿਸੇ ਮਰੀਜ਼ ਨੂੰ ਘਰ ਤੱਕ ਪੁੱਜਣ ਲਈ ਜਾਂ ਤਾਂ ਪ੍ਰਾਈਵੇਟ ਗੱਡੀ ਕਰਵਾਉਣੀ ਪੈਂਦੀ ਹੈ ਜਾਂ ਫਿਰ ਕਈ ਮਰੀਜ਼ਾਂ ਨੂੰ 108 ਐਂਬੂਲੈਂਸ ਰਾਹੀਂ ਘਰ ਭੇਜਿਆ ਜਾਂਦਾ ਹੈ | ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਬਦਲਾਅ ਵਾਲੀ ਮਾਨ ਸਰਕਾਰ ਹਸਪਤਾਲ ਵਿਚ ਜਲਦੀ ਸੀਨੀਅਰ ਮੈਡੀਕਲ ਅਫ਼ਸਰ ਦੀ ਪੱਕੀ ਨਿਯੁਕਤੀ ਤੋਂ ਇਲਾਵਾ ਖਾਲੀ ਪਈਆਂ ਅਸਾਮੀਆਂ ਦੀ ਤੁਰੰਤ ਭਰਪਾਈ ਕਰੇ |

ਪਿਛਲੀ ਖ਼ਬਰ ਨਾਜਾਇਜ਼ ਪਿਸਤੌਲ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਸਵੱਛ ਸਰਵੇਖਣ 'ਚ ਨਗਰ ਨਿਗਮ ਲੁਧਿਆਣਾ ਦਾ ਰਾਸ਼ਟਰੀ ਦਰਜਾਬੰਦੀ ਵਿਚ 39ਵਾਂ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।