ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਲਈ ਖਰਚ ਨਿਗਰਾਨ ਵਲੋਂ ਆਖਰੀ ਲੇਖਾ-ਜੋਖਾ ਮੀਟਿੰਗ ਅੱਜ ਕੀਤੀ ਗਈ | ਇਹ ਮੀਟਿੰਗ ਡਿਪਟੀ ਕਮਿਸ਼ਨਰ ਲੁਧਿਆਣਾ ਦਫ਼ਤਰ ਵਿਚ ਖਰਚਾ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ, ਆਈ.ਆਰ.ਐਸ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਦੇ ਨਾਲ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ ਦੇ ਹੋਰ ਅਧਿਕਾਰੀ, ਚੋਣ ਲੜ ਚੁੱਕੇ ਉਮੀਦਵਾਰ ਅਤੇ ਉਨ੍ਹਾਂ ਦੇ ਚੋਣ ਏਜੰਟ ਸ਼ਾਮਿਲ ਹੋਏ | ਉਮੀਦਵਾਰਾਂ ਦੇ ਚੋਣ ਖਰਚ ਅਤੇ ਉਨ੍ਹਾਂ ਵਲੋਂ ਤਿਆਰ ਕੀਤੇ ਗਏ ਫੰਡਾਂ ਦੇ ਸਰੋਤਾਂ ਦੀ ਵਿਆਪਕ ਜਾਂਚ ਕੀਤੀ ਗਈ | ਇਸ ਵਿਚ ਨਗਦੀ ਅਤੇ ਬੈਂਕ ਸਟੇਟਮੈਂਟਾਂ, ਖਰਚ ਰਜਿਸਟਰਾਂ, ਬਿੱਲਾਂ ਅਤੇ ਵਾਊਚਰ ਵਰਗੇ ਸਹਾਇਕ ਦਸਤਾਵੇਜ਼ਾਂ ਦੀ ਸਮੀਖਿਆ ਕਰਨਾ ਸ਼ਾਮਿਲ ਸੀ | ਇਸ ਦਾ ਉਦੇਸ਼ ਇਹ ਦੇਖਣਾ ਸੀ ਕਿ ਸਾਰੇ ਚੋਣ ਖਰਚੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਲਣਾ ਕੀਤੀ ਹੈ, ਜਿਸ ਨਾਲ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ |