ਲੁਧਿਆਣਾ, 17 ਜੁਲਾਈ (ਜਗਮੀਤ ਸਿੰਘ)-ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ (ਪਾਮੇਟੀ) ਲੁਧਿਆਣਾ ਵਲੋਂ 15 ਦਿਨਾਂ ਦਾ ਰਿਹਾਇਸ਼ੀ ਸਰਟੀਫਿਕੇਟ ਕੋਰਸ, ਖਾਦ ਡੀਲਰਾਂ ਦੀ ਤਕਨੀਕੀ ਸਮਰੱਥਾ ਵਧਾਉਣ ਲਈ ਰਾਸ਼ਟਰੀ ਖੇਤੀਬਾੜੀ ਪਸਾਰ ਪ੍ਰਬੰਧਨ ਹੈਦਰਾਬਾਦ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ | ਡਾ: ਕੇ.ਬੀ. ਸਿੰਘ ਡਾਇਰੈਕਟਰ ਪਾਮੇਟੀ ਵਲੋਂ ਸਿਖਲਾਈ ਕੋਰਸ ਦੇ ਉਦਘਾਟਨੀ ਸਮਾਰੋਹ ਸਮੇਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਕੋਰਸ ਨਾਲ ਸਬੰਧਿਤ ਖਾਦ ਪ੍ਰਬੰਧਨ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੋਰਸ ਦੀ ਸਿਖਲਾਈ ਲੈਣ ਉਪਰੰਤ ਸਿੱਖਿਆਰਥੀ ਖਾਦ ਕੰਟਰੋਲ (ਆਰਡਰ) 1985 ਤਹਿਤ ਆਪਣਾ ਖਾਦਾਂ ਸਬੰਧੀ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਕਿਸਾਨਾਂ ਨੂੰ ਬਿਹਤਰ ਢੰਗ ਨਾਲ ਫ਼ਸਲਾਂ ਵਿਚ ਖਾਦਾਂ ਦੀ ਸਹੀ ਚੋਣ, ਸਹੀ ਮਾਤਰਾ, ਸਹੀ ਸਮਾਂ ਅਤੇ ਸਹੀ ਤਰੀਕਿਆਂ ਬਾਰੇ ਵਧੇਰੇ ਤਕਨੀਕੀ ਜਾਣਕਾਰੀ ਦੇ ਸਕਦੇ ਹਨ | ਮਿਸ ਵੰਦਨਾ ਕੋਰਸ ਕੋਆਰਡੀਨੇਟਰ ਪਾਮੇਟੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪਹਿਲਾ ਕੋਰਸ ਹੈ, ਜੋ ਪਾਮੇਟੀ ਵਲੋਂ ਮੈਨੇਜ਼, ਹੈਦਰਾਬਾਦ ਦੇ ਸਹਿਯੋਗ ਨਾਲ ਪੰਜਾਬ ਦੇ ਨੌਜਵਾਨਾਂ ਲਈ ਸ਼ੁਰੂ ਕੀਤਾ ਗਿਆ ਹੈ | ਇਸ ਕੋਰਸ ਵਿਚ ਪੌਦਿਆਂ ਦੀ ਸਿਹਤ, ਲੋੜੀਂਦੇ ਵੱਡੇ ਅਤੇ ਲਘੂ ਤੱਤ, ਮਿੱਟੀ ਪਰਖ, ਜੈਵਿਕ ਖਾਦਾਂ, ਬਾਇਓਫਰਟੀ ਲਈ ਜਰਮ ਵਰਗੀ ਕੰਪੋਸਟ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਵਿਸ਼ੇਸ਼ ਫ਼ੀਲਡ ਵਿਜ਼ਟ ਵੀ ਕਰਵਾਏ ਜਾਣਗੇ | ਡਾ. ਬਲਦੇਵ ਸਿੰਘ (ਸਾਬਕਾ ਸੰਯੁਕਤ ਡਾਇਰੈਕਟਰ ਖੇਤੀਬਾੜੀ) ਫੈਸੀਲੀਟੇਟਰ ਪਾਮੇਟੀ ਵਲੋਂ ਡਾ. ਕੇ.ਬੀ ਸਿੰਘ ਡਾਇਰੈਕਟਰ ਪਾਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੋਰਸ ਨਾਲ ਖਾਦਾਂ ਦੀ ਵਰਤੋਂ ਸੰਬੰਧੀ ਸਹੀ ਤਕਨੀਕ ਅਪਣਾਉਣ ਨਾਲ ਖੇਤੀ ਪਸਾਰ ਕੰਮਾਂ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਹੋਰ ਮੌਕੇ ਮਿਲਣਗੇ |