ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ)-ਇਕ ਪਾਸੇ ਤਾਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਵਲੋਂ ਨਗਰ ਨਿਗਮ ਨੰੂ ਸ਼ਹਿਰ ਦੇ ਪ੍ਰਵੇਸ਼ ਦੁਆਰ ਨੂੰ ਸੁੰਦਰ ਤੇ ਸਾਫ਼ ਰੱਖਣ ਲਈ ਨਿਰਦੇਸ਼ ਕੀਤੇ ਹੋਏ ਹਨ, ਪਰ ਦੂਜੇ ਪਾਸੇ ਸ਼ਹਿਰ ਦਾ ਜਲੰਧਰ ਬਾਈਪਾਸ ਚੌਕ ਜਿੱਥੋਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਵਾਹਨ ਆਉਂਦੇ-ਜਾਂਦੇ ਹਨ, ਉਥੇ ਹੀ ਇਸ ਚੌਕ ਨੰੂ ਥ੍ਰੀ ਵਹੀਲਰਾਂ, ਗੱਡੀਆਂ ਵਾਲਿਆਂ ਵਲੋਂ ਜਲੰਧਰ ਬਾਈਪਾਸ ਚੌਕ ਦੇ ਕੋਲ ਸਥਿਤ ਇਕ ਨਿੱਜੀ ਸਕੂਲ ਦੀ ਬੱਸ ਵਲੋਂ ਪਾਰਕਿੰਗ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ, ਜਿਸ ਨਾਲ ਇਸ ਚੌਕ ਵਿਚ ਵਾਹਨਾਂ ਦੇ ਆਉਣ-ਜਾਣ ਵਿਚ ਰੁਕਾਵਟ ਪੈਦਾ ਹੋ ਰਹੀ ਹੈ | ਖ਼ਾਸਕਰ ਇਸ ਚੌਕ ਦੇ ਕੋਲ ਦੋ ਨਿੱਜੀ ਸਕੂਲ ਹਨ | ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੰੂ ਛੱਡਣ ਤੇ ਲੈਕੇ ਜਾਣ ਵਿਚ ਵੀ ਮਾਪਿਆਂ ਤੇ ਸਕੂਲੀ ਬੱਸਾਂ ਵਾਲਿਆਂ ਨੰੂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਹਿਲ ਇਸ ਚੌਕ ਵਿਚ ਇਕ ਅੱਧਾ ਹੀ ਥ੍ਰੀ ਵਹੀਲਰ ਚਾਲਕ ਵਲੋਂ ਆਪਣੀ ਵਾਹਨ ਖੜ੍ਹਾ ਕੀਤਾ ਜਾਂਦਾ ਸੀ, ਪਰ ਦੇਖਦਿਆਂ ਹੀ ਦੇਖਦਿਆਂ ਇਹ ਚੌਕ ਪਾਰਕਿੰਗ ਥਾਂ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ | ਇਸ ਚੌਕ ਵਿਚੋਂ ਕਈ ਬੱਸਾਂ ਵੀ ਲੰਘਦਿਆਂ ਹਨ ਤੇ ਇਸ ਚੌਕ 'ਤੇ ਬਣੇ ਫੁੱਟਪਾਥ 'ਤੇ ਬੇਘਰਿਆਂ ਵਲੋਂ ਵੀ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਜਿੱਥੇ ਇਸ ਚੌਕ ਵਿਚੋਂ ਲੰਘਣਾ ਔਖਾ ਹੋ ਰਿਹਾ ਹੈ | ਉਥੇ ਇਨ੍ਹਾਂ ਵਾਹਨਾਂ ਦੇ ਖੜ੍ਹੇ ਹੋਣ ਕਾਰਨ ਕੋਈ ਅਣਸੁਖਾਵਾਂ ਹਾਦਸਾ ਵੀ ਵਾਪਰ ਜਾਣ ਦੀ ਵੀ ਸੰਭਾਵਨਾ ਬਣੀ ਹੋਈ ਹੈ, ਪਰ ਨਾ ਤਾਂ ਨਗਰ ਨਿਗਮ ਪ੍ਰਸ਼ਾਸਨ ਤੇ ਨਾ ਹੀ ਪੁਲਿਸ ਵਲੋਂ ਪਾਰਕਿੰਗ ਵਿਚ ਤਬਦੀਲ ਹੋ ਰਹੇ | ਇਸ ਚੌਕ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਉਕਤ ਚੌਕ ਵਿਚ ਪੁਲਿਸ ਮੁਲਾਜ਼ਮ ਵੀ ਤੈਨਾਤ ਰਹਿੰਦੇ ਹਨ, ਪਰ ਉਨ੍ਹਾਂ ਦੀ ਤੈਨਾਤੀ ਦਾ ਵੀ ਇਨ੍ਹਾਂ ਥ੍ਰੀ ਵਹੀਲਰਾਂ, ਗੱਡੀਆਂ ਤੇ ਇਕ ਨਿੱਜੀ ਸਕੂਲ ਦੀ ਬੱਸ ਦੇ ਡਰਾਈਵਰ ਉਤ ਕੋਈ ਅਸਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ |