ਲੁਧਿਆਣਾ, 17 ਜੁਲਾਈ (ਜਤਿੰਦਰ ਭੰਬੀ)-ਬਿਜਲੀ ਮੁਲਾਜ਼ਮਾਂ ਦੀਆਂ ਜੁਝਾਰੂ ਜਥੇਬੰਦੀਆਂ ਵਲੋਂ ਸਰਕਲ ਪੱਧਰ ਦਾ ਧਰਨਾ ਮੁੱਖ ਚੀਫ਼ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਇੰਜ. ਰਘਵੀਰ ਸਿੰਘ ਰਾਮਗੜ੍ਹ ਸੂਬਾਈ ਆਗੂ ਜੁਆਇੰਟ ਫੋਰਮ, ਕਰਤਾਰ ਸਿੰਘ ਤੇ ਇੰਜ. ਰਸ਼ਪਾਲ ਸਿੰਘ ਸੂਬਾਈ ਆਗੂ ਬਿਜਲੀ ਮੁਲਾਜ਼ਮ ਏਕਤਾ ਮੰਚ, ਇੰਜ. ਜਗਤਾਰ ਸਿੰਘ ਸੂਬਾਈ ਆਗੂ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਕੇਵਲ ਸਿੰਘ ਬਨਵੈਤ ਸੂਬਾਈ ਆਗੂ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਜਸਵੀਰ ਸਿੰਘ ਆਂਡਲੂ ਗਰਿੱਡ ਸਟਾਫ਼ ਐਸੋਸੀਏਸ਼ਨ ਦੀ ਸਾਂਝੀ ਅਗਵਾਈ ਹੇਠ ਲਗਾਇਆ ਗਿਆ, ਜਿਸ ਦੇ ਮੰਚ ਦਾ ਸੰਚਾਲਨ ਪ੍ਰਧਾਨ ਸਤੀਸ਼ ਭਾਰਦਵਾਜ ਤੇ ਪ੍ਰਧਾਨ ਸੁਰਜੀਤ ਸਿੰਘ ਵਲੋਂ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 2 ਜੁਲਾਈ 25 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਸੀ.ਐਮ.ਡੀ. ਕੇ.ਕੇ. ਸਿਨਹਾ ਆਈ.ਏ.ਐਸ. ਨਾਲ ਸਮੁੱਚੀ ਮੈਨੇਜਮੈਂਟਾਂ ਨਾਲ ਮੋਹਾਲੀ ਵਿਖੇ ਅਹਿਮ ਮੀਟਿੰਗ ਹੋਈ ਸੀ, ਜਿਸ ਵਿਚ ਲੰਬੀ ਵਿਚਾਰ ਚਰਚਾ ਤੋਂ ਬਾਅਦ 50 ਮੰਗਾਂ 'ਚੋਂ 25 ਮੰਗਾਂ ਨੂੰ ਲਾਗੂ ਕਰਕੇ ਉਨ੍ਹਾਂ ਉਤੇ ਸਹਿਮਤੀ ਬਣ ਗਈ ਸੀ, ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਸਬੰਧੀ ਕੋਈ ਵੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਇਸ ਦੇ ਰੋਸ ਵਜੋਂ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਏ.ਓ.ਜੇ.ਈ., ਪੈਨਸ਼ਨਰਜ਼ ਯੂਨੀਅਨ ਏਟਕ ਅਤੇ ਗਰਿੱਡ ਸਟਾਫ਼ ਐਸੋਸੀਏਸ਼ਨ ਵਲੋਂ 'ਵਰਕ ਟੂ ਰੂਲ' ਦਾ ਪ੍ਰੋਗਰਾਮ ਦਿੰਦਿਆਂ ਡਵੀਜ਼ਨ ਪੱਧਰ ਅਤੇ ਸਰਕਲ ਪੱਧਰ 'ਤੇ ਧਰਨੇ ਦੇਣ ਦਾ ਪ੍ਰੋਗਰਾਮ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਅੱਜ ਉਸੇ ਲੜੀ ਤਹਿਤ ਸਰਕਲ ਈਸਟ, ਵੈਸਟ ਅਤੇ ਸਬ ਅਰਬਨ ਵਲੋਂ ਸਰਕਲ ਪੱਧਰ ਦਾ ਸਾਂਝਾ ਧਰਨਾ ਦਿੱਤਾ ਗਿਆ ਹੈ, ਜੇਕਰ ਹੁਣ ਵੀ ਪੰਜਾਬ ਸਰਕਾਰ, ਬਿਜਲੀ ਮੰਤਰੀ ਜਾਂ ਮੈਨੇਜਮੈਂਟ ਨਾ ਜਾਗੀ ਤਾਂ 27 ਜੁਲਾਈ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਅੰਮਿ੍ਤਸਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਹੋਰਨਾਂ ਆਗੂਆਂ ਤੋਂ ਇਲਾਵਾ ਚਮਕੌਰ ਸਿੰਘ, ਸੋਬਨ ਸਿੰਘ ਠਾਕੁਰ, ਦਲਜੀਤ ਸਿੰਘ, ਕਰਤਾਰ ਸਿੰਘ, ਮਨਜੀਤ ਸਿੰਘ ਮਨਸੂਰਾਂ, ਧਰਮਿੰਦਰ, ਅਵਤਾਰ ਸਿੰਘ ਬੱਸੀਆਂ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਸਰਤਾਜ ਸਿੰਘ, ਗੌਰਵ ਕੁਮਾਰ, ਗਗਨਦੀਪ ਸਿੰਘ ਵਿਰਦੀ, ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਬਿਜਲੀ ਮੁਲਾਜ਼ਮ ਹਾਜ਼ਰ ਸਨ |