ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ)-ਆਖ਼ਰਕਾਰ ਨਗਰ ਨਿਗਮ ਪ੍ਰਸ਼ਾਸਨ ਦੀ ਤਹਿਬਾਜ਼ਾਰੀ ਸ਼ਾਖਾ ਵੱਲੋਂ ਭਾਵੇਂ ਲੰਬੇ ਚਿਰ ਬਾਅਦ ਹੀ ਕਾਰਵਾਈ ਕਰਦੇ ਹੋਏ ਜਲੰਧਰ ਬਾਈਪਾਸ ਚੌਂਕ ਤੋਂ ਘੰਟਾ ਘਰ ਨੂੰ ਆਉਂਦੇ ਰੋਡ ਦੇ ਉਪਰ ਲੱਗੇ ਨਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਹੈ | ਨਗਰ ਨਿਗਮ ਪ੍ਰਸ਼ਾਸਨ ਦੇ ਇਸ ਕਦਮ ਦੀ ਇਲਾਕਾ ਨਿਵਾਸੀਆਂ ਵੱਲੋਂ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ | ਉਕਤ ਨਜਾਇਜ਼ ਕਬਜ਼ੇ ਫਲ ਵੇਚਣ ਵਾਲਿਆਂ ਵੱਲੋਂ ਉਕਤ ਰੋਡ ਦੇ ਉਪਰ ਬਣੇ ਫੁੱਟਪਾਥ ਦੇ ਉਪਰ ਕੀਤੇ ਹੋਏ ਸਨ, ਜਿਸ ਨਾਲ ਇਸ ਰੋਡ ਤੋਂ ਪੈਦਲ ਲੰਘਣ ਵਾਲਿਆਂ ਲਈ ਸਮੱਸਿਆ ਬਣੀ ਹੋਈ ਸੀ | ਖ਼ਾਸਕਰ ਬਜ਼ੁਰਗਾਂ ਲਈ ਬਹੁਤ ਜ਼ਿਆਦਾ ਸਮੱਸਿਆ ਬਣੀ ਹੋਈ ਸੀ | ਕਿਉਂਕਿ ਉਕਤ ਰੋਡ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਵਾਹਨ ਲੰਘਦੇ ਹਨ ਤੇ ਅਜਿਹੇ ਵਿਚ ਬਜ਼ੁਰਗਾਂ ਦਾ ਇਸ ਰੋਡ ਦੇ ਉੱਪਰੋਂ ਲੰਘਣਾ ਔਖਾ ਸੀ | ਪਰ ਹੁਣ ਇਹ ਨਜਾਇਜ਼ ਕਬਜ਼ੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਰੋਡ 'ਤੇ ਬਣੇ ਫੁੱਟਪਾਥ ਤੋਂ ਹਟਾ ਦਿੱਤੇ ਗਏ ਹਨ, ਜਿਸ ਨਾਲ ਆਮ ਲੋਕਾਂ ਤੇ ਬਜ਼ੁਰਗ ਇਸ ਫੁੱਟਪਾਥ ਤੋਂ ਆ ਜਾ ਸਕਦੇ ਹਨ | ਪਰ ਉਥੇ ਹੀ ਅੱਜ ਦੇਖਣ ਨੰੂ ਮਿਲਿਆ ਹੈ ਕਿ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵੱਲੋਂ ਉਕਤ ਕਬਜ਼ੇ ਹਟਾਉਣ ਦੇ ਬਾਵਜੂਦ ਕੁੱਝ ਲੋਕਾਂ ਵੱਲੋਂ ਫਿਰ ਨਜਾਇਜ਼ ਕਬਜ਼ੇ ਕਰ ਲਏ ਗਏ ਹਨ | ਵਿਸ਼ੇਸ਼ ਤੌਰ 'ਤੇ ਹੁਣ ਸਾਈਕਲਾਂ 'ਤੇ ਫਲ ਵੇਚਣ ਵਾਲਿਆਂ ਵੱਲੋਂ ਇਹ ਨਜਾਇਜ਼ ਕਬਜ਼ੇ ਕਰ ਲਏ ਗਏ ਹਨ, ਜਿਸ ਨਾਲ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵੱਲੋਂ ਕੀਤੀ ਕਾਰਵਾਈ ਕਿਧਰੇ ਬੇਅਸਰ ਨਾ ਹੋ ਜਾਵੇ | ਨਗਰ ਨਿਗਮ ਪ੍ਰਸ਼ਾਸਨ ਨੰੂ ਚਾਹੀਦਾ ਹੈ ਕਿ ਉਹ ਕੇਵਲ ਇਕ ਵਾਰ ਉਕਤ ਰੋਡ ਤੋਂ ਨਜਾਇਜ਼ ਕਬਜ਼ੇ ਹਟਾਕੇ ਆਪਣੀ ਡਿਊਟੀ ਨਾ ਪੂਰੀ ਕਰੇ | ਬਲਕਿ ਨਿਰੰਤਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਨੰੂ ਇਨ੍ਹਾਂ ਨਜਾਇਜ਼ ਕਬਜ਼ਿਆਂ ਨੰੂ ਲੈਕੇ ਬਾਜ਼ ਵਾਲੀ ਅੱਖ ਰੱਖਣ ਦੀ ਲੋੜ ਹੈ | ਇਸਦੇ ਨਾਲ ਹੀ ਇਨ੍ਹਾਂ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਕੇਵਲ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਕੇਵਲ ਇੱਥੋਂ ਭਜਾਉਣ ਤਕ ਹੀ ਸੀਮਿਤ ਨਾ ਰਹੇ | ਬਲਕਿ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਈ ਕਰੇ | ਤਦ ਜਾਕੇ ਕਿਧਰੇ ਇਸ ਰੋਡ ਤੋਂ ਇਨ੍ਹਾਂ ਨਜਾਇਜ਼ ਕਬਜ਼ਿਆਂ ਦਾ ਅੰਤ ਹੋ ਸਕੇਗਾ |