ਲੁਧਿਆਣਾ, 17 ਜੁਲਾਈ (ਜਤਿੰਦਰ ਭੰਬੀ)-ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਦੇ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਵਜੋਂ ਜਾਣੇ ਜਾਂਦੇ ਉਘੇ ਸਮਾਜ ਸੇਵੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਪੰਜਾਬ ਅੰਦਰ ਦਰਖਤਾਂ ਹੇਠ ਘੱਟ ਰਹੇ ਰਕਬੇ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਨ ਦੇ ਕਈ ਪਹਿਲੂ ਹਨ, ਜਿੱਥੇ ਚੰਦ ਛਿੱਲੜਾਂ ਲਈ ਚੰਦ ਲੋਕਾਂ ਵਲੋਂ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਵਾਤਾਵਰਨ ਨੂੰ ਗੰਧਲਾ ਕਰਨ ਲਈ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ, ਉਥੇ ਹੀ ਰੁੱਖਾਂ ਦੀ ਹੋ ਰਹੀ ਬੇਤਹਾਸ਼ਾ ਕਟਾਈ ਕਾਰਨ ਪੰਜਾਬ ਅੰਦਰ ਦਰਖਤਾਂ ਹੇਠ ਰਕਬਾ ਘਟਣਾ ਵੀ ਇਕ ਚਿੰਤਾਜਨਕ ਮੁੱਦਾ ਹੈ, ਜਿਸ ਨੂੰ ਲੈ ਕੇ ਜੰਗਲਾਤ ਵਿਭਾਗ ਵਲੋਂ ਗ੍ਰੀਨ ਟਿ੍ਬਿਊਨਲ ਨੂੰ ਸੌਂਪੀ ਗਈ ਰਿਪੋਰਟ ਨਾਲ ਇਹ ਸਾਹਮਣੇ ਆਇਆ ਹੈ ਕਿ ਪਿਛਲੇ 6 ਸਾਲਾਂ ਵਿਚ ਜੰਗਲਾਤ ਅਧੀਨ ਆਉਂਦੇ ਰਕਬੇ ਵਿਚ ਗਿਰਾਵਟ ਆਈ ਹੈ | ਬੈਨੀਪਾਲ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਰਿਪੋਰਟ ਅਨੁਸਾਰ ਸਾਹਮਣੇ ਆਇਆ ਹੈ ਕਿ ਭਾਵੇਂ ਪਿਛਲੇ 18 ਸਾਲਾਂ ਵਿਚ ਜੰਗਲਾਤ ਹੇਠ ਆਉਣ ਵਾਲੇ ਰਕਬੇ ਵਿਚ ਤਾਂ ਵਾਧਾ ਹੋਇਆ ਹੈ, ਪਰ ਜੰਗਲਾਤ ਹੇਠ ਰਕਬੇ ਦਾ ਤੇਜ਼ੀ ਨਾਲ ਘਟਣਾ ਬੜੇ ਹੀ ਅਫ਼ਸੋਸ ਵਾਲੀ ਗੱਲ ਹੈ, ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ |