ਲੁਧਿਆਣਾ, 15 ਜੁਲਾਈ (ਜਗਮੀਤ ਸਿੰਘ)-ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਤਹਿਤ ਬੂਥ ਲੈਵਲ ਅਫਸਰਾਂ (ਬੀ.ਐੱਲ.ਓਜ਼) ਲਈ ਸਿਖਲਾਈ ਸੈਸ਼ਨ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਵਿਚ ਕਰਵਾਇਆ ਗਿਆ | ਆਤਮ ਨਗਰ ਹਲਕੇ ਦੇ ਬੂਥ ਨੰਬਰ 81 ਤੋਂ 167 'ਤੇ ਤਾਇਨਾਤ ਸਾਰੇ ਬੀ. ਐਲ. ਓਜ਼ ਲਈ ਸਿਖਲਾਈ ਸੈਸ਼ਨ ਕਰਵਾਇਆ ਗਿਆ | ਨਗਰ ਨਿਗਮ ਦੇ ਵਧੀਕ ਕਮਿਸ਼ਨਰ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ (ਈ.ਆਰ.ਓ.-ਆਤਮ ਨਗਰ ਹਲਕਾ) ਪਰਮਦੀਪ ਸਿੰਘ ਨੇ ਸਿਖਲਾਈ ਸੈਸ਼ਨ ਦੀ ਨਿਗਰਾਨੀ ਕੀਤੀ ਅਤੇ ਸਿਖਲਾਈ ਵਿਧਾਨ ਸਭਾ ਪੱਧਰ ਦੇ ਮਾਸਟਰ ਟਰੇਨਰ (ਏ.ਐਲ.ਐਮ.ਟੀ.) ਵਲੋਂ ਦਿੱਤੀ ਗਈ | ਸਿਖਲਾਈ ਸੈਸ਼ਨ ਦੌਰਾਨ ਬੀ.ਐਲ.ਓਜ਼ ਨੂੰ ਚੋਣ ਪ੍ਰਕਿਰਿਆ ਦੌਰਾਨ ਭਰੇ ਜਾਣ ਵਾਲੇ ਵੱਖ-ਵੱਖ ਫਾਰਮਾਂ ਬਾਰੇ ਜਾਣੂ ਕਰਵਾਇਆ ਗਿਆ | ਉਨ੍ਹਾਂ ਨੂੰ ਬੀ.ਐਲ.ਓ. ਐਪ ਅਤੇ ਵੋਟਰ ਹੈਲਪਲਾਈਨ ਮੋਬਾਈਲ ਐਪਲੀਕੇਸ਼ਨ ਦੇ ਕੰਮਕਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ | ਸਿਖਲਾਈ ਸੈਸ਼ਨ ਪੂਰਾ ਹੋਣ ਤੋਂ ਬਾਅਦ ਇੱਕ ਮੁਲਾਂਕਣ ਟੈਸਟ ਵੀ ਲਿਆ ਗਿਆ ਅਤੇ ਜੇਤੂ ਬੀ.ਐਲ.ਓਜ਼ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਿਖਲਾਈ ਅਭਿਆਸ ਵਿੱਚ ਹਿੱਸਾ ਲੈਣ ਲਈ ਸਾਰੇ ਬੀ.ਐਲ.ਓਜ਼ ਨੂੰ ਭਾਗੀਦਾਰੀ ਦੇ ਸਰਟੀਫਿਕੇਟ ਵੀ ਦਿੱਤੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਬੀ.ਐਲ.ਓਜ਼ ਲਈ ਸਿਖਲਾਈ ਸੈਸ਼ਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ |