ਤਰਨ ਤਾਰਨ, 3 ਦਸੰਬਰ (ਪਰਮਜੀਤ ਜੋਸ਼ੀ)- ਕੇਂਦਰ ਸਰਕਾਰ ਵਲੋਂ ਕਾਰਪੋਰੇਟ ਦੇ ਹਿੱਤ 'ਚ ਦੇਸ਼ ਦੇ ਖੇਤੀ ਖੇਤਰ ਅਤੇ ਮਿਹਨਤਕਸ਼ ਲੋਕਾਂ ਵਿਰੁੱਧ ਕੀਤੇ ਜਾ ਰਹੇ ਨਿੱਤ ਨਵੇਂ ਹਮਲਿਆਂ ਦੀ ਕੜੀ ਵਜੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਪੇਸ਼ ਕਰਨ ਲਈ ਕੀਤੀ ਜਾ ਰਹੀ ਵਿਉਂਤਬੰਦੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਐਸ.ਕੇ.ਐਮ. ਜ਼ਿਲ੍ਹਾ ਤਰਨ ਤਾਰਨ ਵਲੋਂ ਤਰਨ ਤਾਰਨ ਵਿਖੇ ਦਵਿੰਦਰ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਬੀ.ਕੇ.ਯੂ. ਕਾਦੀਆਂ ਦੀ ਪ੍ਰਧਾਨਗੀ ਹੇਠ ਸਥਾਨਕ ਗਾਂਧੀ ਪਾਰਕ ਤਰਨ ਤਾਰਨ ਵਿਖੇ ਹੋਈ | ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਦੋਵੇਂ ਬਿੱਲ ਰੱਦ ਕਰਵਾਉਣ ਲਈ ਜ਼ੋਰਦਾਰ ਜਨਤਕ ਦੀ ਮੁਹਿੰਮ ਹੋਰ ਭਖਾਈ ਜਾਵੇਗੀ | ਇਸ ਖਿਲਾਫ਼ ਅਗਲੇ ਐਕਸ਼ਨ ਪ੍ਰੋਗਰਾਮ ਵਜੋਂ ਸੂਬੇ ਭਰ ਵਿਚ 8 ਦਸੰਬਰ ਨੂੰ ਪੀ.ਐੱਸ.ਪੀ.ਸੀ.ਐੱਲ., ਬਿਜਲੀ ਮਹਿਕਮੇ ਦੀਆਂ ਤਰਨ ਤਾਰਨ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਉਪਰ 12 ਤੋਂ 3 ਵਜੇ ਤੱਕ ਵੱਡੇ ਰੋਸ ਪ੍ਰਦਰਸ਼ਨ ਕਰਕੇ ਦੋਵੇਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਵਰਣਨਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਇਨ੍ਹਾਂ ਮੰਗਾਂ ਉੱਪਰ 26 ਨਵੰਬਰ ਨੂੰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ | ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕਰਕੇ ਇਨ੍ਹਾਂ ਦੋਵੇਂ ਬਿੱਲਾਂ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨ ਦੇ ਇਰਾਦੇ ਜੱਗ ਜ਼ਾਹਿਰ ਕਰ ਦਿੱਤੇ ਸਨ | ਮੀਟਿੰਗ ਨੇ ਸਰਬਸੰਮਤੀ ਨਾਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮਿਥੀ ਸਮਾਂ ਸੀਮਾ ਦੇ ਅੰਦਰ ਅੰਦਰ ਖੇਤੀ ਅਤੇ ਲੋਕ ਵਿਰੋਧੀ ਇਨ੍ਹਾਂ ਦੋਵੇ ਬਿੱਲਾਂ ਨੂੰ ਰੱਦ ਕਰਨ ਸੰਬੰਧੀ ਕੇਂਦਰ ਸਰਕਾਰ ਨੂੰ ਸਪੱਸ਼ਟ ਤੌਰ 'ਤੇ ਲਿਖ ਕੇ ਭੇਜੇ | ਇਸ ਮੀਟਿੰਗ ਵਿਚ ਇਕ ਦੂਜੇ ਦੇ ਐਕਸ਼ਨ ਪ੍ਰੋਗਰਾਮਾਂ ਵਿਚ ਹਮਾਇਤ ਵਜੋਂ ਸ਼ਮੂਲੀਅਤ ਕਰਨ ਸੰਬੰਧੀ ਫ਼ੈਸਲਾ ਕੀਤਾ ਗਿਆ | ਮੀਟਿੰਗ ਮੌਕੇ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਨੂੰ ਵੀ 8 ਦਸੰਬਰ ਦੇ ਪ੍ਰੋਗਰਾਮ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ | ਮੀਟਿੰਗ ਨੇ ਪੰਜਾਬ ਭਰ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਉਪਰ ਸਰਕਾਰ ਵਲੋਂ ਕੀਤੇ ਗਏ ਪੁਲਿਸ ਜਬਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਕਰਦਿਆਂ ਮੰਗ ਕੀਤੀ ਕਿ ਗਿ੍ਫ਼ਤਾਰ ਕੀਤੇ ਗਏ ਮੁਲਾਜ਼ਮਾਂ ਅਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ | ਇਸ ਮੌਕੇ ਭੁਪਿੰਦਰ ਸਿੰਘ ਪੰਡੋਰੀ, ਗੁਰਬਚਨ ਸਿੰਘ ਘੜਕਾ, ਦਵਿੰਦਰ ਸਿੰਘ ਗਰੇਵਾਲ, ਦਵਿੰਦਰ ਸੋਹਲ, ਤਰਸੇਮ ਸਿੰਘ ਕਲਸੀ, ਮਨਜੀਤ ਸਿੰਘ ਬੱਗੂ, ਲਖਬੀਰ ਸਿੰਘ ਰੇਸ਼ੀਅਨ, ਕਰਨਬੀਰ ਸਿੰਘ ਭੁੱਲਰ ਮੀਤ ਪ੍ਰਧਾਨ ਬਾਰਡਰ, ਦਲਜੀਤ ਸਿੰਘ ਦਿਆਲਪੁਰ, ਦਿਲਬਾਗ ਸਿੰਘ ਬੀਕੇਯੂ ਲੱਖੋਵਾਲ, ਮਨਿੰਦਰ ਸਿੰਘ ਲਾਲੀ ਬੀ.ਕੇ.ਯੂ. ਰਾਜੇਵਾਲ, ਜੱਸਾ ਸਿੰਘ ਕੱਦਗਿੱਲ, ਗੁਰਭੇਜ ਸਿੰਘ ਇੰਪਲਾਈਜ ਫੈਡਰੇਸ਼ਨ, ਨਰਭਿੰਦਰ ਸਿੰਘ ਪੱਧਰੀ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਮੁਗਲ ਚੱਕ, ਨਰਪਾਲ ਸਿੰਘ ਜੌਣੇਕੇ, ਇੰਦਰਜੀਤ ਸਿੰਘ ਮਰਹਾਣਾ ਅਤੇ ਹੋਰ ਕਈ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਤੋਂ ਬਿਨਾਂ ਆਗੂਆਂ ਵਲੋਂ ਜ਼ਿਲ੍ਹੇ ਅੰਦਰ ਪੈਂਦੀਆਂ 18 ਡਵੀਜ਼ਨਾਂ ਵਿਚ ਵੱਖ-ਵੱਖ ਕਿਸਾਨ ਆਗੂਆਂ ਦੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ |