ਭਿੱਖੀਵਿੰਡ, 3 ਦਸੰਬਰ (ਬੌਬੀ)-ਸਥਾਨਕ ਆਈ.ਟੀ. ਕਾਲਜ ਵਿਖੇ ਸੀਮਾ ਸੁਰੱਖਿਆ ਬਲ ਵਲੋਂ ਆਪਣਾ 60 ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੀ.ਐੱਸ.ਐੱਫ. ਬਾਰਡਰ ਰੇਂਜ ਦੀ 115 ਬਟਾਲੀਅਨ ਵਲੋਂ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਸਮਾਗਮ ਵਿਚ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਿਪਟੀ ਕਮਾਂਡੈਂਟ ਲਛਮਣ ਜੀ ਭੱਟੀ ਅਤੇ ਡਿਪਟੀ ਕਮਾਂਡੈਂਟ ਜਗਦੀਸ਼ ਸਿੰਘ ਯਾਦਵ ਮੁੱਖ ਤੌਰ 'ਤੇ ਹਾਜ਼ਰ ਹੋਏ | ਸੈਮੀਨਾਰ ਦੌਰਾਨ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਬੀ.ਐੱਸ.ਐੱਫ. ਦੇ ਗੌਰਵਮਈ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਬੱਚਿਆਂ ਨੂੰ ਫੋਰਸ ਵਿਚ ਭਰਤੀ ਹੋਣ ਦੀ ਪ੍ਰਕਿਰਿਆ ਅਤੇ ਸਿਖਲਾਈ ਬਾਰੇ ਵੀ ਬਾਰੀਕੀ ਨਾਲ ਸਮਝਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ਵਿਚ ਭਰਪੂਰ ਵਾਧਾ ਹੋਇਆ |