ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਹਲਕੇ ਦੇ ਸਿਆਸੀ ਸਮੀਕਰਨ ਉਸ ਵੇਲੇ ਬਦਲ ਗਏ, ਜਦੋਂ ਪਿੰਡ ਕੱਲ੍ਹਾ ਦੇ ਮੁਹਤਬਰ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਇਤਿਹਾਸਿਕ ਫ਼ੈਸਲਾ ਲਿਆ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਨਵੇਂ ਸਾਥੀਆਂ ਨੂੰ ਪਾਰਟੀ ਵਿਚ ਜੀ ਆਇਆਂ ਆਖਦਿਆਂ ਬ੍ਰਹਮਪੁਰਾ ਨੇ 'ਆਪ' ਅਤੇ ਕਾਂਗਰਸ ਸਰਕਾਰਾਂ ਨੂੰ ਕਰੜੇ ਹੱਥੀਂ ਲਿਆ | ਉਨ੍ਹਾਂ ਖੁੱਲ ਕੇ ਕਿਹਾ ਕਿ ਜਿੱਥੇ ਕਾਂਗਰਸ ਨੇ ਦਹਾਕਿਆਂ ਤੱਕ ਪੰਜਾਬ ਨੂੰ ਲੁੱਟਿਆ, ਉੱਥੇ ਹੀ 'ਬਦਲਾਅ' ਦੇ ਨਾਂਅ 'ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਲੋਕ ਹੁਣ ਇੰਨ੍ਹਾਂ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਜਾਣ ਚੁੱਕੇ ਹਨ ਕਿ ਪੰਜਾਬ ਦੀ ਅਸਲ ਪਹਿਰੇਦਾਰ ਜਮਾਤ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ ਅਤੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ | ਇਸ ਮੌਕੇ ਪਿੰਡ ਕੱਲ੍ਹਾ ਤੋਂ ਸਾਬਕਾ ਸਰਪੰਚ ਗੁਰਸਿਮਰਪਾਲ ਕੌਰ, ਮਾਸਟਰ ਬਲਦੇਵ ਸਿੰਘ, ਸੁੱਖਦੇਵ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਜਸਬੀਰ ਸਿੰਘ ਸਾਬਕਾ ਮੈਂਬਰ, ਗੁਰਮੀਤ ਕੌਰ ਮੌਜੂਦਾ ਮੈਂਬਰ ਪੰਚਾਇਤ, ਕੁਲਦੀਪ ਕੌਰ ਮੌਜੂਦਾ ਮੈਂਬਰ ਪੰਚਾਇਤ, ਸੁੱਚਾ ਸਿੰਘ, ਸਤਨਾਮ ਸਿੰਘ, ਮੇਜਰ ਸਿੰਘ, ਜਸਬੀਰ ਸਿੰਘ ਸਾਬਕਾ ਮੈਂਬਰ ਪੰਚਾਇਤ, ਅਜੀਤ ਸਿੰਘ ਸਾਬਕਾ ਮੈਂਬਰ, ਕੁਲਵਿੰਦਰ ਸਿੰਘ ਨੰਬਰਦਾਰ, ਜਸਬੀਰ ਸਿੰਘ, ਦਿਲਾਵਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁੱਖਵਿੰਦਰ ਸਿੰਘ ਅਤੇ ਰਣਜੀਤ ਸਿੰਘ ਸਮੇਤ ਕਈ ਹੋਰ ਸਨਮਾਨਿਤ ਵਰਕਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦਾ ਪੱਲਾ ਫ਼ੜਿਆ | ਬ੍ਰਹਮਪੁਰਾ ਅਤੇ ਜਥੇ: ਦਲਬੀਰ ਸਿੰਘ ਜਹਾਂਗੀਰ ਨੇ ਵਿਸ਼ਵਾਸ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ 'ਚ ਸ਼ਾਮਿਲ ਹੋਏ ਇਨ੍ਹਾਂ ਸਾਰੇ ਪਤਵੰਤੇ ਸੱਜਣਾਂ ਨੂੰ ਬਣਦਾ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ |