ਤਰਨ ਤਾਰਨ, 5 ਨਵੰਬਰ (ਹਰਿੰਦਰ ਸਿੰਘ)- ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਵਲੋਂ ਪੰਜਾਬ ਦੇ ਕੁਝ ਇਲਾਕਿਆਂ ਵਿਚ ਅਖ਼ਬਾਰਾਂ ਦੀ ਵੰਡ ਵਿਚ ਦੇਰੀ ਹੋਈ | ਹਾਲਾਂਕਿ ਪੁਲਿਸ ਇਸ ਨੂੰ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਖ-ਵੱਖ ਸਮਾਨ ਲੈ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਵਜੋਂ ਰਿਪੋਰਟ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਰਨ ਤਾਰਨ ਵਿਚ ਕਾਂਗਰਸੀ ਉਮੀਦਵਾਰ ਕਰਨ ਬੁਰਜ ਲਈ ਪਿੰਡ ਮੱਤੇਵਾਲ, ਠਰੂ, ਰਣਜੀਤ ਫਾਰਮ, ਝੱਬਾਲ ਰੋਡ ਅਤੇ ਤਰਨ ਤਾਰਨ ਦਫ਼ਤਰ ਵਿਚ ਚੋਣ ਪ੍ਰਚਾਰ ਕਰਦੇ ਹੋਏ ਕੀਤਾ | ਉਨ੍ਹਾਂ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਹਰਮਿੰਦਰ ਸਿੰਘ ਗਿੱਲ ਵੀ ਮੌਜੂਦ ਸਨ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਭਰ ਵਿਚ ਅਖ਼ਬਾਰਾਂ ਦੀ ਵੰਡ ਕਰਨ ਵਾਲੀਆਂ ਵੈਨਾਂ 'ਤੇ ਛਾਪੇ ਪ੍ਰੈਸ ਦੀ ਆਜ਼ਾਦੀ ਉਪਰ ਹਮਲਾ ਹੈ | 'ਆਪ' ਸਰਕਾਰ ਨਹੀਂ ਚਾਹੁੰਦੀ ਕਿ ਕੋਈ ਉਨ੍ਹਾਂ ਵਿਰੁੱਧ ਲਿਖੇ, ਜਦੋਂਕਿ ਪੰਜਾਬ ਦੇ ਲੋਕ ਇਸ ਸਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਿਤ ਨਹੀਂ ਕਰਨਗੇ | ਬਾਜਵਾ ਨੇ ਕਿਹਾ ਅਸੀਂ ਪ੍ਰੈਸ ਦੇ ਨਾਲ ਖੜ੍ਹੇ ਹਾਂ | ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਸਰਕਾਰ ਨੇ ਪੰਜਾਬ ਵਿਚ ਸਿਰਫ਼ ਧੱਕੇਸ਼ਾਹੀ ਦੀ ਰਾਜਨੀਤੀ ਕੀਤੀ ਹੈ | 11 ਨਵੰਬਰ ਨੂੰ ੂ ਲੋਕ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਜਵਾਬ ਦੇਣਗੇ ਅਤੇ ਕਾਂਗਰਸ ਦੀ ਜਿੱਤ ਯਕੀਨੀ ਬਣਾਉਣਗੇ | ਇਸ ਮੌਕੇ ਉਨ੍ਹਾਂ ਨਾਲ ਅਨਿਲ ਜੋਸ਼ੀ, ਕਰਨਬੀਰ ਸਿੰਘ ਬੁਰਜ ਅਤੇ ਹੋਰ ਮੁਹਤਬਰ ਹਾਜ਼ਰ ਸਨ |