15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ

ਅਜੀਤ ਡੈਸਕ 23-09-2025
ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)-ਸਿਹਤ ਵਿਭਾਗ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਏਡਜ ਕੰਟਰੋਲ ਇੰਪਲਾਈਜ ਵੈੱਲਫੇਅਰ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਟੇਟ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਸਰਕਾਰ ਦੀ ਕੰਟਰੈਕਟ ਕਰਮਚਾਰੀਆਂ ਨਾਲ ਕੀਤੇ ਵਾਅਦੇ ਨਾ ਨਿਭਾਉਣ ਲਈ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਹਰ ਮੁਹਾਜ਼ ਵਿਚ ਸਰਕਾਰ ਦਾ ਸਾਥ ਦੇਣ ਦੇ ਬਾਵਜੂਦ 'ਆਪ' ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਅਪਣਾਇਆ ਹੋਇਆ ਹੈ | ਚੋਣਾਂ ਤੋਂ ਪਹਿਲਾਂ ਦਿੱਲੀ ਤਰਜ਼ 'ਤੇ ਸਮੂਹ ਕਰਮਚਾਰੀਆਂ ਦੀ ਤਨਖਾਹ ਵਿਚ ਵੀਹ ਫ਼ੀਸਦੀ ਵਾਧਾ ਅਤੇ ਰੈਗੂਲਰ ਕਰਨ ਤੋਂ ਇਲਾਵਾ ਸਮੂਹ ਕਰਮਚਾਰੀ ਮੁੱਢਲੀਆਂ ਸਹੂਲਤਾਂ ਤੋਂ ਵੀ ਲਾਚਾਰ ਹਨ | ਜਨਰਲ ਸਕੱਤਰ ਗੁਰਜੰਟ ਸਿੰਘ ਨੇ ਕਿਹਾ ਕਿ ਸਰਕਾਰ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਕਾਬਿਲ ਅਤੇ ਟਰੇਂਡ ਕਰਮਚਾਰੀਆਂ ਦਾ ਸ਼ੋਸਣ ਕਰ ਰਹੀ ਹੈ | ਸਾਬਕਾ ਪ੍ਰਧਾਨ ਅਤੇ ਜਥੇਬੰਦੀ ਦੇ ਪ੍ਰਮੁੱਖ ਸਲਾਹਕਾਰ ਮਹਿੰਦਰਪਾਲ ਸਿੰਘ ਪਟਿਆਲਾ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਜਲਦ ਮੁਲਾਜ਼ਮ ਪੱਖੀ ਫ਼ੈਸਲੇ ਲੈਕੇ ਮੁਲਾਜ਼ਮ ਵਰਗ ਦੀ ਨਾਰਾਜ਼ਗੀ ਦੂਰ ਕਰਨ ਲਈ ਅਪੀਲ ਕੀਤੀ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਜਲਦੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ, ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਤੋਂ ਇਲਾਵਾ ਵਿਭਾਗ ਵਲੋਂ ਨਿੱਤ ਦਿਨ ਮੁਲਾਜ਼ਮਾਂ ਉਪਰ ਪਾਏ ਜਾ ਰਹੇ ਬੋਝ ਅਤੇ ਨਾਦਰਸ਼ਾਹੀ ਫ਼ਰਮਾਨਾਂ ਦੀ ਅਲੋਚਨਾ ਕੀਤੀ ਗਈ | ਮੀਟਿੰਗ ਵਿਚ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਵਿਚ ਲੈਣ ਅਤੇ ਰੋਕੇ ਗਏ ਓਵਰ ਟਾਈਮ ਦੇਣ ਲਈ ਵਿਭਾਗ ਨੂੰ ਬੇਨਤੀ ਕੀਤੀ ਗਈ | ਜਲਦ ਜ਼ਿਲ੍ਹੇ ਵਾਰ ਮੀਟਿੰਗਾਂ ਕਰਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ ਕੀਤਾ ਗਿਆ | ਮੀਟਿੰਗ ਨੂੰ ਬੇਅੰਤ ਕੌਰ ਮਾਨਸਾ, ਧੀਰਜ ਜਲੰਧਰ, ਸੰਦੀਪ ਬਠਿੰਡਾ, ਮਹਿਮੂਦ ਮਲੇਰਕੋਟਲਾ, ਅਰਵਿੰਦਰ ਮੋਹਾਲੀ, ਗੁਰਪ੍ਰੀਤ ਸਿੰਘ ਅੰਮਿ੍ਤਸਰ, ਹਰਜੀਤ ਤਰਨ ਤਾਰਨ ਤੋਂ ਇਲਾਵਾ ਹੋਰ ਕਈ ਜ਼ਿਲ੍ਹਾ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਖ਼ੂਨਦਾਨ ਸੁਸਾਇਟੀ ਨੇ ਲੋੜਵੰਦ ਪਰਿਵਾਰ ਦੀ ਕੀਤੀ ਮਦਦ <br/> ਅਗਲੀ ਖ਼ਬਰ ਘਰ 'ਚ ਦਾਖ਼ਲ ਹੋ ਕੇ ਭੰਨਤੋੜ ਕਰਨ ਅਤੇ ਧਮਕੀਆਂ ਦੇਣ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।