ਖਡੂਰ ਸਾਹਿਬ, 31 ਅਗਸਤ( ਰਸ਼ਪਾਲ ਸਿੰਘ ਕੁਲਾਰ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਹੋਰਨਾਂ ਵਰਗਾਂ ਦੀਆਂ ਮੰਗਾ ਸਬੰਧੀ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ, ਸਤਪਾਲ ਸਿੰਘ ਨੱਥੋਕੇ ਜ਼ਿਲ੍ਹਾ ਜਨਰਲ ਸਕੱਤਰ, ਮਿਹਰ ਸਿੰਘ ਚੁਤਾਲਾ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਤਿਆਗ ਕੇ ਹੜ੍ਹਾਂ ਤੋਂ ਪੀੜਤ ਕਿਸਾਨਾਂ ਮਜ਼ਦੂਰਾਂ ਦੀ ਸਾਰ ਲੈਣੀ ਚਾਹੀਦੀ ਹੈ | ਕਿਰਤੀ ਕਿਸਾਨ ਯੂਨੀਅਨ ਵਲੋਂ ਆਪਣੇ ਮੰਗ ਪੱਤਰ ਰਾਹੀ ਤੁਰੰਤ ਗਿਰਦਾਵਰੀ, ਹੜ੍ਹਾਂ ਕਾਰਨ ਹੋਈ ਮੌਤ ਦਾ 20 ਲੱਖ ਰੁਪਏ, ਨੁਕਸਾਨੀ ਫ਼ਸਲ ਦਾ 50 ਹਜ਼ਾਰ ਪ੍ਰਤੀ ਏਕੜ, ਮਜ਼ਦੂਰ ਪਰਿਵਾਰਾਂ ਨੂੰ 25 ਹਜ਼ਾਰ ਪ੍ਰਤੀ ਪਰਿਵਾਰ, ਗਊਆਂ, ਮੱਝਾਂ ਦਾ ਇਕ ਲੱਖ ਪ੍ਰਤੀ ਪਸ਼ੂ ਦਿੱਤਾ ਜਾਵੇ, ਮੁਆਵਜਾ ਦੇਣ ਦੀ ਪ੍ਰਕਿਰਿਆ ਸਮਾਂਬੱਧ ਕਰਨਾ, ਫ਼ਸਲੀ ਬੀਮਾ ਯੋਜਨਾ ਸਰਲ ਕਰਕੇ ਲਾਗੂ ਕਰਨਾ, ਟਾਸਕ ਫੋਰਸ ਬਣਾਕੇ ਦਰਿਆਵਾਂ, ਚੋਆਂ, ਸੇਮ ਨਾਲਿਆਂ ਦੀ ਸਫ਼ਾਈ ਦਾ ਕੰਮ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਕਰਨਾ, ਜਿਥੋਂ ਦਰਿਆ ਟੱੁਟਦੇ ਹਨ, ਨਿਸ਼ਾਨਦੇਹੀ ਕਰਕੇ ਮਾਹਿਰਾਂ ਦੀ ਸਹਾਇਤਾ ਲੈ ਕੇ ਬੰਨ੍ਹ ਮਜ਼ਬੂਤ ਕਰਨੇ, ਖਲਾਈ ਰੇਤਾ ਤੱਕ ਕਰਨੀ ਤਾਂ ਜੋ ਵਾਧੂ ਪਾਣੀ ਤੋਂ ਬਿਨਾਂ ਪਾਣੀ ਧਰਤੀ ਹੇਠ ਜੀਰ ਸਕੇ, ਹੜ੍ਹਾਂ ਨੂੰ ਕੰਟਰੋਲ ਕਰਨ ਲਈ ਹਰ ਖੇਤ ਨੂੰ ਨਹਿਰੀ ਪਾਣੀ ਤੇ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਦੇਣ ਦੀ ਨੀਤੀ ਅਪਣਾ ਕੇ ਨਹਿਰੀ ਢਾਂਚੇ ਦਾ ਵਿਸਥਾਰ ਕਰਨਾ ਆਦਿ ਮੰਗਾਂ ਉਪਰ ਤੁਰੰਤ ਅਮਲ ਕਰਨ ਦੀ ਮੰਗ ਕੀਤੀ | ਇਸ ਮੌਕੇ ਪਿ੍ਤਪਾਲ ਸਿੰਘ, ਦਵਿੰਦਰ ਸਿੰਘ, ਸਰਵਣ ਸਿੰਘ, ਮਨਜਿੰਦਰ ਸਿੰਘ ਵੈਰੋਵਾਲ ਆਦਿ ਆਗੂ ਹਾਜ਼ਰ ਸਨ |