ਨੌਸ਼ਹਿਰਾ ਪੰਨੂੰਆਂ, 19 ਜੁਲਾਈ (ਦੀਪਕ ਮੈਣੀ)- ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਢੋਟੀਆਂ ਵਿਖੇ ਆਤਮਿਕ ਚੇਤਨਾ ਅਤੇ ਗੁਰਮਤਿ ਮਰਯਾਦਾ ਅਨੁਸਾਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ, ਨਿਮਰਤਾ ਅਤੇ ਗੁਰਸਿੱਖੀ ਜਜ਼ਬੇ ਨਾਲ ਮਨਾਇਆ ਗਿਆ | ਇਸ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਵਿਦਿਆਰਥੀਆਂ ਵੋਂ ਪੰਜ ਬਾਣੀਆਂ ਦੇ ਪਾਠ ਨਾਲ ਹੋਈ | ਨਿਰਮਲ ਚਿੱਤ ਨਾਲ ਬਾਣੀ ਦਾ ਉਚਾਰਨ ਕਰਦੇ ਹੋਏ ਬੱਚਿਆਂ ਨੇ ਸਮੂਹ ਸੰਗਤ ਨੇ ਰੂਹਾਨੀ ਅਨੰਦ ਪ੍ਰਦਾਨ ਕੀਤਾ | ਇਸ ਤੋਂ ਉਪਰੰਤ ਵਿਦਿਆਰਥੀਆਂ ਵਲੋਂ ਰਾਗਾਂ ਅਨੁਸਾਰ ਸ਼ਬਦ ਕੀਰਤਨ ਕੀਤਾ ਗਿਆ, ਜਿਸ ਨੇ ਪੂਰੇ ਪੰਡਾਲ ਨੂੰ ਗੁਰਸਿੱਖੀ ਰਸ ਨਾਲ ਰੰਗ ਦਿੱਤਾ, ਕੀਰਤਨ ਰਾਹੀਂ ਵਿਦਿਆਰਥੀਆਂ ਨੇ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੀ ਜੀਵਨ ਗਾਥਾ, ਉਨ੍ਹਾਂ ਦੀ ਬਖ਼ਸ਼ਿਸ਼ ਅਤੇ ਰੋਗ ਨਾਸ ਕਰਨ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥੀਆਂ ਵਲੋਂ ਦਿੱਤੇ ਗਏ ਭਾਸ਼ਣਾਂ ਰਾਹੀਂ ਗੁਰੂ ਸਾਹਿਬ ਦੇ ਉਤਮ ਗੁਣ, ਉਨ੍ਹਾਂ ਦੀ ਸੰਵੇਦਨਸ਼ੀਲਤਾ ਤੇ ਰੋਗੀਆਂ ਦੀ ਸੇਵਾ ਵਰਗੇ ਇਤਿਹਾਸਕ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਅਰਦਾਸ ਹੋਈ | ਇਸ ਤੋਂ ਬਾਅਦ ਗੁਰੂ ਸਾਹਿਬ ਦੀ ਰਹਿਮਤ ਵਜੋਂ ਹੁਕਮਨਾਮਾ ਸ੍ਰਵਣ ਕੀਤਾ ਗਿਆ | ਅਖੀਰ ਵਿਚ ਪਵਿੱਤਰ ਕੜਾਹ ਪ੍ਰਸ਼ਾਦਿ ਦੀ ਦੇਗ਼ ਵਰਤਾਈ ਗਈ | ਇਹ ਸਮਾਗਮ ਅਕੈਡਮੀ ਵਲੋਂ ਵਿਦਿਆਰਥੀਆਂ ਦੇ ਆਤਮਿਕ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਆਯੋਜਿਤ ਕੀਤਾ ਗਿਆ | ਅਕਾਲ ਅਕੈਡਮੀ ਢੋਟੀਆਂ ਦੇ ਪਿ੍ੰਸੀਪਲ ਰਮਨਦੀਪ ਕੌਰ ਨੇ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦੇ ਮਨ ਵਿਚ ਗੁਰਮਤਿ ਸੰਸਕਾਰ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਚੰਗਾ ਇਨਸਾਨ ਬਣਨ ਵੱਲ ਪ੍ਰੇਰਿਤ ਕਰਦੇ ਹਨ |