ਤਰਨ ਤਾਰਨ, 18 ਜੁਲਾਈ (ਪਰਮਜੀਤ ਜੋਸ਼ੀ)-ਰਾਹੁਲ ਗਾਂਧੀ ਵਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਟੀ ਵਿਧਾਨ ਸਭਾ ਹਲਕੇ ਦੇ 113 ਪਿੰਡਾਂ ਅਤੇ 225 ਪੋਲਿੰਗ ਬੂਥਾਂ ਨੂੰ 840 ਵਾਰਡਾਂ ਤੇ 13 ਮੰਡਲਾਂ ਵਿਚ ਵੰਡ ਕੇ ਵਾਰਡ ਕਮੇਟੀਆਂ ਅਤੇ ਬੂਥ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਹੁਣ ਤੱਕ 4890 ਮੈਂਬਰਾਂ ਅਤੇ ਅਹੁਦੇਦਾਰਾਂ ਦੀ ਇਕ ਟੀਮ ਦਾ ਵਿਸ਼ਾਲ ਕਿਤਾਬਚਾ ਬਣਾ ਕੇ ਅੱਜ 19 ਜੁਲਾਈ ਨੂੰ ਪੱਟੀ ਵਿਖੇ ਹੋ ਰਹੀ 'ਸੰਵਿਧਾਨ ਬਚਾਓ ਰੈਲੀ' ਦੇ ਵੱਡੇ ਇਕੱਠ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪਿਆ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ ਨੇ ਮੰਡਲ ਪ੍ਰਧਾਨਾਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬਚੇ ਦੀ ਦੂਸਰੀ ਜਿਲਦ ਸ੍ਰੀ ਰਾਹੁਲ ਗਾਂਧੀ ਦੇ ਰਾਹੀਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਨੂੰ ਵੀ ਦਿੱਤੀ ਜਾਵੇਗੀ | ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਪਾਰਟੀ ਹਾਈਕਮਾਨ ਵਲੋਂ ਜਾਰੀ ਕੀਤਾ ਗਿਆ | ਕੋਈ ਵੀ ਸੰਦੇਸ਼ ਕੁੱਝ ਮਿੰਟਾਂ ਵਿਚ ਹੀ ਕਾਂਗਰਸ ਪਾਰਟੀ ਨਾਲ ਜੁੜੇ ਹਰ ਵਿਅਕਤੀ ਤੱਕ ਪਹੁੰਚ ਜਾਵੇਗਾ, ਕਿਉਂਕਿ ਇਸ ਕਿਤਾਬਚੇ ਵਿਚ ਉੱਪਰਲੀ ਪੱਧਰ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਕਾਂਗਰਸ ਪਾਰਟੀ ਦੇ ਹਰ ਆਗੂ ਅਤੇ ਵਰਕਰ ਦਾ ਫੋਨ ਨੰਬਰ ਵੀ ਦਿੱਤਾ ਗਿਆ ਹੈ |