ਤਰਨ ਤਾਰਨ, 18 ਜੁਲਾਈ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਹਾਈਕੋਰਟ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 3 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਐੱਸ.ਐੱਸ.ਪੀ ਤਰਨ ਤਾਰਨ ਕੋਲ ਬਲਵਿੰਦਰ ਕੌਰ ਪਤਨੀ ਲੇਟ ਬਲਦੇਵ ਸਿੰਘ ਵਾਸੀ ਪਿੰਡ ਜਗੀਰਪੁਰ ਰੋਡ ਜੈ ਸਿੰਘ ਨਗਰ ਰਾਹੋਂ ਰੋਡ ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਬੇਟੇ ਨੂੰ ਹਾਈਕੋਰਟ ਵਿਚ ਡਰਾਈਵਰ, ਕਲਰਕ ਜਾਂ ਰੀਡਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਪਾਸੋਂ ਜਗਮੀਤ ਕੌਰ ਪਤਨੀ ਪ੍ਰਦੀਪ ਸਿੰਘ ਅਤੇ ਪ੍ਰਦੀਪ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਧੁੰਨ ਹਾਲ ਵਾਸੀ ਪੂਹਲਾ ਗੇਟ ਭਿੱਖੀਵਿੰਡ ਤਰਨ ਤਾਰਨ ਵਲੋਂ 3 ਲੱਖ 45 ਹਜ਼ਾਰ ਰੁਪਏ ਲਏ ਹਨ ਪ੍ਰੰਤੂ ਨੌਕਰੀ ਨਾ ਦਿਵਾ ਕੇ ਉਸ ਨਾਲ ਠੱਗੀ ਮਾਰੀ ਹੈ | ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਗੁਲਜਾਰ ਸਿੰਘ ਆਰਥਿਕ ਅਪਰਾਧ ਸ਼ਾਖਾ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ | ਜਿਸ 'ਤੇ ਥਾਣਾ ਸਿਟੀ ਦੇ ਐੱਸ.ਆਈ.ਗੁਰਵਿੰਦਰ ਸਿੰਘ ਨੇ ਉਕਤ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ |