ਤਰਨ ਤਾਰਨ, 18 ਜੁਲਾਈ (ਇਕਬਾਲ ਸਿੰਘ ਸੋਢੀ)-ਆਜ਼ਾਦ ਗਰੁੱਪ ਵਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਪੈਂਦੇ ਝਬਾਲ ਵਿਖੇ 20 ਜੁਲਾਈ ਨੂੰ ਕਰਵਾਈ ਜਾ ਰਹੀ ਰੈਲੀ ਜਿਥੇ ਇਤਿਹਾਸ ਸਿਰਜੇਗੀ, ਉਥੇ ਇਸ ਰੈਲੀ ਵਿਚ ਪਹੁੰਚ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਜ਼ਾਦ ਗਰੁੱਪ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕੀਤਾ ਜਾਵੇਗਾ | ਇਸ ਸੰਬੰਧੀ ਆਜ਼ਾਦ ਗਰੁੱਪ ਵਿਚ ਹਲਕੇ ਦੇ ਪਿੰਡ-ਪਿੰਡ ਮੀਟਿੰਗਾਂ ਕਰਕੇ ਸਰਪੰਚਾਂ, ਪੰਚਾਂ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਮੀਟਿੰਗਾਂ ਵਿਚ ਸ਼ਾਮਿਲ ਹੋ ਰਹੇ ਹਨ, ਉਥੇ ਬੀਤੇ ਦਿਨੀਂ ਇਕ ਵੱਡੀ ਰੈਲੀ ਪ੍ਰਮਜੀਤ ਸਿੰਘ ਪੰਮਾ ਗੱਗੋਬੂਹਾ, ਰਾਮ ਨਾਮਧਾਰੀ ਦੀ ਅਗਵਾਈ ਵਿਚ ਕਰਕੇ ਆਜ਼ਾਦ ਗਰੁੱਪ ਦਾ ਸਰਪ੍ਰਸਤ ਸੇਵਾਮੁਕਤ ਪਿੰ੍ਰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਥਾਪਿਆ ਗਿਆ ਹੈ | ਜਿਕਰਯੋਗ ਹੈ ਕਿ ਆਜ਼ਾਦ ਗਰੁੱਪ ਵਲੋਂ ਜਿਥੇ ਮਾਰਚ 2025 ਵਿਚ ਤਰਨ ਤਾਰਨ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਆਪਣੇ ਉਮੀਦਵਾਰ ਖੜੇ ਕੀਤੇ ਗਏ ਸਨ ਅਤੇ ਇਨ੍ਹਾਂ ਚੋਣਾਂ ਵਿਚ 8 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਜਿਸ ਕਾਰਨ ਆਜ਼ਾਦ ਗਰੁੱਪ ਇਕ ਵੱਡਾ ਗਰੁੱਪ ਉਭਰ ਕੇ ਸਾਹਮਣੇ ਆਇਆ, ਜਿਸ ਕਾਰਨ ਹਲਕੇ ਦੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਸਰਪੰਚਾਂ, ਪੰਚਾਂ ਵਲੋਂ ਆਜ਼ਾਦ ਗਰੁੱਪ ਦਾ ਸਮਰੱਥਨ ਕੀਤਾ ਜਾ ਰਿਹਾ ਹੈ | ਇਸ ਸਮੇਂ ਆਜ਼ਾਦ ਗਰੁੱਪ ਕੋਲ 104 ਪੰਚਾਇਤਾਂ 'ਚੋਂ 43 ਮੌਜੂਦਾ ਸਰਪੰਚ ਅਤੇ ਤਰਨ ਤਾਰਨ ਨਗਰ ਕੌਂਸਲ ਤੇ 8 ਕੌਂਸਲਰ ਹਨ ਅਤੇ ਪਿਛਲੇ ਕੁਝ ਹੀ ਮਹੀਨਿਆਂ ਤੋਂ ਇਹ ਗਰੁੱਪ ਇਕ ਸ਼ਕਤੀਸ਼ਾਲੀ ਗਰੁੱਪ ਉਭਰ ਕੇ ਸਾਹਮਣੇ ਆਇਆ ਹੈ | ਸਾਲ 2024 ਵਿਚ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਰਮੀਤ ਸਿੰਘ ਸੰਧੂ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ, ਜਿਸ ਕਾਰਨ ਤਰਨ ਤਾਰਨ ਵਿਧਾਨ ਸਭਾ ਹਲਕਾ ਇੰਚਾਰਜ ਤੋਂ ਵਾਂਝਾ ਸੀ, ਜਿਸ ਕਾਰਨ ਹਲਕੇ ਵਿਚ ਅਕਾਲੀ ਦਲ ਦਾ ਗ੍ਰਾਫ ਡਿੱਗ ਰਿਹਾ ਸੀ, ਪਰ ਆਜ਼ਾਦ ਗਰੁੱਪ ਵਲੋਂ ਮੋਰਚਾ ਸੰਭਾਲਦੇ ਹੋਏ ਫਿਰ ਤੋਂ ਹਲਕੇ ਵਿਚ ਅਕਾਲੀ ਦਲ ਨੂੰ ਹਲਕੇ ਵਿਚ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਗਿਆ ਸੀ ਅਤੇ 20 ਜੁਲਾਈ ਨੂੰ ਝਬਾਲ ਵਿਚ ਕਰਵਾਈ ਜਾ ਰਹੀ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਹੁੰਚ ਕੇ ਆਜ਼ਾਦ ਗਰੁੱਪ ਨੂੰ ਅਕਾਲੀ ਦਲ ਵਿਚ ਸ਼ਾਮਿਲ ਕੀਤਾ ਜਾਵੇਗਾ ਅਤੇ ਆ ਰਹੀ ਜ਼ਿਮਨੀ ਚੋਣ ਲਈ ਹਲਕੇ ਦੀ ਜਿੰਮੇਵਾਰੀ ਆਜ਼ਾਦ ਗਰੁੱਪ ਨੂੰ ਸੌਂਪੀ ਜਾ ਸਕਦੀ ਹੈ |