ਤਰਨ ਤਾਰਨ, 16 ਜੁਲਾਈ (ਪਰਮਜੀਤ ਜੋਸ਼ੀ) -ਪੰਜਾਬ ਸਰਕਾਰ ਵਲੋਂ ਦਿਵਿਆਂਗ ਵਰਗ ਦੀ ਭਲਾਈ ਲਈ ਡਿਸਏਬਿਲਟੀ ਸੈੱਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਪ੍ਰੰਤੂ ਇਸ ਸੈੱਲ ਦੀਆਂ ਮੀਟਿੰਗਾਂ ਅਤੇ ਦਫਤਰ ਦਿਵਿਆਂਗ ਵਿਅਕਤੀਆਂ ਦੀ ਪਹੁੰਚ ਤੋਂ ਬਾਹਰ ਹੈ, ਜਿੱਥੇ ਇਕ ਦਿਵਿਆਂਗ ਵਿਅਕਤੀ ਨੂੰ ਪਹੁੰਚਣ ਅਤੇ ਪਾਰਕਿੰਗ ਦੀ ਸਭ ਤੋਂ ਵੱਡੀ ਮੁਸ਼ਕਿਲ ਆਉਂਦੀ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਮਿੰਨੀ ਸੈਕਟਰੀਏਟ ਚੰਡੀਗੜ੍ਹ ਵਿਖੇ ਸ਼ਾਮਿਲ ਹੋਣ ਲਈ ਫੋਨ 'ਤੇ ਗੱਲਬਾਤ ਹੋਈ ਸੀ, ਜਿਸ ਵਿਚ ਵਿਭਾਗ ਦੇ ਅਧਿਕਾਰੀਆਂ ਨੂੰ ਤਾਂ ਤੁਰਨ ਵਿਚ ਕੋਈ ਮੁਸ਼ਕਿਲ ਨਹੀਂ ਹੈ, ਪ੍ਰੰਤੂ ਅੰਗਹੀਣ ਵਿਅਕਤੀ ਕਿਵੇਂ ਪਹਿਲਾਂ ਗੱਡੀ ਪਾਰਕਿੰਗ ਵਿਚ ਲਗਾ ਕੇ ਫਿਰ ਕਾਫੀ ਤੁਰਨ ਤੋਂ ਬਾਅਦ ਲਿਫ਼ਟ ਤੱਕ ਤੇ ਫਿਰ ਲਿਫ਼ਟ ਤੋਂ ਮੀਟਿੰਗ ਹਾਲ ਵਿਚ ਪਹੁੰਚੇਗਾ, ਸ਼ਾਇਦ ਇਸ ਦਾ ਅਨੁਮਾਨ ਪ੍ਰਬੰਧਕਾਂ ਨੂੰ ਨਹੀਂ ਹੈ | ਸੈਣੀ ਨੇ ਦੱਸਿਆ ਕਿ ਇਸੇ ਰੋਸ਼ ਵਜੋਂ ਅੱਜ ਦੀ ਹੋਣ ਵਾਲੀ ਮਿੰਨੀ ਸੈਕਟਰੀਏਟ ਚੰਡੀਗੜ੍ਹ ਡਿਸਏਬਿਲਟੀ ਸੈੱਲ ਦੀ ਮੀਟਿੰਗ ਵਿਚ ਹਾਜ਼ਰ ਹੋਣ ਤੋਂ ਮਨ੍ਹਾਂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਸਮੱਸਿਆ ਪਹਿਲਾਂ ਵੀ ਕਈ ਵਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਦੱਸ ਚੁੱਕੇ ਹਾਂ, ਪਰ ਉਨ੍ਹਾਂ ਨੇ ਸਾਡੀ ਮੁਸ਼ਕਿਲ ਨੰੂ ਸਮਝਦਿਆਂ ਜ਼ਿਆਦਾਤਰ ਮੀਟਿੰਗਾਂ ਪੰਜਾਬ ਭਵਨ ਵਿਖੇ ਹੀ ਕਰਨ ਨੂੰ ਪਹਿਲ ਦਿੱਤੀ, ਪਰ ਅੱਜ ਦੀ ਮੀਟਿੰਗ ਵਿਚ ਨਾ ਹਾਜ਼ਰ ਹੋਣ ਲਈ ਉੱਚ ਅਧਿਕਾਰੀਆਂ ਨੂੰ ਫੋਨ 'ਤੇ ਹੀ ਆਪਣੀ ਮੁਸ਼ਕਿਲ ਦੱਸੀ ਅਤੇ ਪਿਛਲੀਆਂ ਮੀਟਿੰਗਾਂ ਵੀ ਦਿਵਿਆਂਗ ਵਿਅਕਤੀਆਂ ਦੀ ਪਹੁੰਚ ਅਨੁਸਾਰ ਪੰਜਾਬ ਭਵਨ ਬਾਰੇ ਹੋਣ ਦਾ ਜ਼ਿਕਰ ਕਰਨ ਦੇ ਬਾਵਜੂਦ ਵਿਭਾਗ ਵਲੋਂ ਬੈਠਕ ਲਈ ਉਚਿਤ ਸਥਾਨ ਦਾ ਹੱਲ ਨਹੀਂ ਕੀਤਾ, ਸਗੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਬਣਾਏ ਐਕਟ 2016 ਸਮਾਨ ਮੌਕੇ, ਪੂਰਨ ਸ਼ਮੂਲੀਅਤ ਅਤੇ ਅਧਿਕਾਰਾਂ ਦੀ ਸੁਰੱਖਿਆ ਦਾ ਕੋਝਾ ਮਜ਼ਾਕ ਬਣਾਇਆ ਗਿਆ ਹੈ | ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਅੱਜ ਦੀ ਹੋਣ ਵਾਲੀ ਮੀਟਿੰਗ ਨੂੰ ਦਿਵਿਆਂਗ ਵਿਅਕਤੀਆਂ ਦੀ ਪਹੁੰਚ ਅਨੁਸਾਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਲਈ ਬੇਨਤੀ ਕੀਤੀ | ਇਸ ਮੌਕੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਦਵਿੰਦਰ ਕੌਰ, ਗੁਰਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਗੁਰਿੰਦਰਜੀਤ ਸਿੰਘ ਢਿੱਲੋਂ ਪ੍ਰਧਾਨ ਗੁਰਦਾਸਪੁਰ, ਰਾਮ ਲੁਭਾਇਆ ਪ੍ਰਧਾਨ ਜਲੰਧਰ, ਗੁਰਜੀਤ ਕੌਰ ਕਾਰਜਕਾਰੀ ਪ੍ਰਧਾਨ ਹੁਸ਼ਿਆਰਪੁਰ, ਲਹਿੰਬਰ ਸਿੰਘ ਤੂਰ ਕੋਰ ਕਮੇਟੀ ਮੈਂਬਰ ਕਪੂਰਥਲਾ, ਬਲਵਿੰਦਰ ਸਿੰਘ ਨਿੱਝਰ ਪ੍ਰਧਾਨ ਅੰਮਿ੍ਤਸਰ, ਕੁਲਦੀਪ ਸਿੰਘ ਪ੍ਰਧਾਨ ਲੁਧਿਆਣਾ ਆਦਿ ਆਗੂਆਂ ਨੇ ਵੀ ਡਿਸਏਬਿਲਟੀ ਸੈੱਲ ਦੀ ਮੀਟਿੰਗ ਪਹੁੰਚ ਤੋਂ ਦੂਰ ਰੱਖਣ ਨੂੰ ਮੰਦਭਾਗਾ ਕਰਾਰ ਦਿੱਤਾ |