ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)- ਐੱਨ.ਆਰ.ਆਈ. ਪਾਸੋਂ ਫਰਦ ਬਦਲੇ 45 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਉਂਦਿਆਂ ਅੱਜ ਕਿਸਾਨ ਯੂਨੀਅਨ ਨੇ ਪਟਵਾਰਖਾਨੇ ਨੂੰ ਜਿੰਦਾ ਮਾਰ ਦਿੱਤਾ ਤੇ ਧਰਨਾ ਲਾ ਦਿੱਤਾ, ਜਦੋਂ ਕਿ ਇਸ ਰੋਸ ਧਰਨੇ ਕਾਰਨ ਰੋਜ਼ਾਨਾ ਦੇ ਕੰਮ ਕਾਜ ਲਈ ਪਟਵਾਰਖਾਨੇ ਆਏ ਕਿਸਾਨਾਂ, ਸਰਟੀਫਿਕੇਟ ਲਈ ਪੁੱਜੇ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁੁਰ ਦੇ ਆਗੂ ਗੁਰਮੇਲ ਸਿੰਘ ਨੰਗਲੀ ਜ਼ਿਲ੍ਹਾ ਆਗੂ ਦੀ ਅਗਵਾਈ ਹੇਠ ਇਹ ਧਰਨਾ ਦਿੱਤਾ ਗਿਆ | ਧਰਨਾਕਾਰੀ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪਟਵਾਰੀ ਅਮਿਤ ਬਹਿਲ ਜਿਸ ਦੀ ਕਿ ਨੰਗਲੀ ਵਿਖੇ ਡਿਊਟੀ ਸੀ | ਉੱਥੇ ਇਕ ਐੱਨ .ਆਰ.ਆਈ. ਇਕ ਫ਼ਰਦ ਲਹਾਉਣ ਬਦਲੇ 45 ਹਜ਼ਾਰ ਦੀ ਕਥਿਤ ਰਿਸ਼ਵਤ ਲਈ ਗਈ ਹੈ | ਇਸ ਧਰਨੇ 'ਚ ਬਚਿੱਤਰ ਸਿੰਘ ਕੋਟਲਾ ਜ਼ਿਲ੍ਹਾ ਆਗੂ, ਬਲਰਾਮ ਸਿੰਘ ਝੰਜੋਟੀ ਜ਼ਿਲ੍ਹਾ ਆਗੂ, ਬਾਪੂ ਬਲਦੇਵ ਸਿੰਘ ਕੋਟ ਖਾਲਸਾ, ਬਾਪੂ ਗੁਰਦਿਆਲ ਸਿੰਘ, ਜਗਤਾਰ ਸਿੰਘ ਫਤਾਹ ਪੁਰ, ਫੁੰਮਣ ਸਿੰਘ ਨੰਗਲੀ ਆਦਿ ਆਗੂ ਹਾਜ਼ਰ ਸਨ | ਦੂਜੇ ਪਾਸੇ ਇਹ ਧਰਨੇ ਉਪਰੰਤ ਤਹਿਸੀਲਦਾਰ ਪੁਨੀਤ ਬਾਂਸਲ ਤੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਵਲੋਂ ਕਿਸਾਨ ਆਗੂਆਂ ਨੂੰ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਉਪਰੰਤ ਇਹ ਧਰਨਾ ਚੁੱਕ ਲਿਆ ਗਿਆ ਤੇ ਸ਼ਾਮ ਵੇਲੇ ਪਟਵਾਰਖਾਨੇ ਨੂੰ ਲੱਗਿਆ ਜਿੰਦਾ ਖੁੱਲ੍ਹ ਗਿਆ |
ਜਦੋਂ ਕਿਸਾਨ ਯੂਨੀਅਨ ਨੇ ਲਗਾ ਦਿੱਤਾ ਪਟਵਾਰ ਖਾਨੇ ਨੂੰ ਜਿੰਦਾ * ਕੰਮਕਾਜ ਲਈ ਆਏ ਲੋਕ ਤੇ ਵਿਦਿਆਰਥੀ ਹੋਏ ਖੱਜਲ ਖੁਆਰ
ਅਜੀਤ ਡੈਸਕ
10-12-2025