ਅੰਮਿ੍ਤਸਰ, 2 ਦਸੰਬਰ (ਗਗਨਦੀਪ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ, ਜਿਸ ਦੇ ਤਹਿਤ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਅਤੇ ਮੁੱਖ ਟਿਕਟ ਇੰਸਪੈਕਟਰਾਂ ਵਲੋਂ ਨਵੰਬਰ ਮਹੀਨੇ ਰੇਲ ਗੱਡੀਆਂ 'ਚ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਨ ਵਾਲੇ ਕੁੱਲ 44,715 ਯਾਤਰੀਆਂ ਪਾਸੋਂ ਲਗਭਗ 3.16 ਕਰੋੜ ਦਾ ਮਾਲੀਆ ਜੁਰਮਾਨੇ ਵਜੋਂ ਇਕੱਠਾ ਕੀਤਾ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 10 ਪ੍ਰਤੀਸ਼ਤ ਵੱਧ ਹੈ ਅਤੇ ਹੈੱਡਕੁਆਰਟਰ (ਨਵੀਂ ਦਿੱਲੀ) ਦੁਆਰਾ ਨਿਰਧਾਰਤ ਟੀਚੇ ਨਾਲੋਂ 24 ਪ੍ਰਤੀਸ਼ਤ ਵੱਧ ਹੈ | ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ 'ਤੇ ਗੰਦਗੀ ਫ਼ੈਲਾਉਣ ਲਈ 380 ਯਾਤਰੀਆਂ ਨੂੰ ਐਂਟੀ ਲਿਟਰਿੰਗ ਐਕਟ ਦੇ ਤਹਿਤ 64 ਹਜ਼ਾਰ ਤੋਂ ਵੱਧ ਜੁਰਮਾਨਾ ਕੀਤਾ ਗਿਆ | ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਟਿਕਟ ਚੈਕਿੰਗ ਮੁਹਿੰਮ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਨੂੰ ਬਿਹਤਰ ਬਣਾਉਣਾ ਅਤੇ ਬਿਨਾਂ ਟਿਕਟਾਂ ਦੇ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨੇ ਵਸੂਲਣਾ ਹੈ | ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰਾਪਤੀ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਦੀ ਸਰਗਰਮੀ, ਸਮਰਪਣ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ |