ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਪਾਵਰ ਲਿਫਟਿੰਗ ਫੈਡਰੇਸ਼ਨ ਰਜਿਸਟਰ ਇੰਡੀਆ ਵਲੋਂ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ-2025 ਵਿਚ ਕਰਨਾਲ ਵਿਖੇ ਹੋਏ ਟੂਰਨਾਮੈਂਟ 'ਚ ਅੰਮਿ੍ਤਸਰ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੁਰੂ ਨਗਰੀ ਅੰਮਿ੍ਤਸਰ ਦਾ ਨਾਮ ਦੇਸ਼ ਭਰ 'ਚ ਰੋਸ਼ਨ ਕੀਤਾ ਹੈ | ਇਥੇ ਪੁੱਜਣ 'ਤੇ ਇਲਾਕਾ ਨਿਵਾਸੀਆਂ ਨੇ ਢੋਲ ਵਜਾ ਕੇ ਤੇ ਹਾਰ ਪਾ ਕੇ ਖਿਡਾਰੀ ਸ਼ੇਰਾ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਆਪ ਦੇ ਸੀਨੀਅਰ ਆਗੂ ਜਸਕੀਰਤ ਸਿੰਘ ਸੁਲਤਾਨਵਿੰਡ, ਭਾਜਪਾ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਕੁਲਦੀਪ ਸਿੰਘ ਕੰਡਾ, ਅੰਤਰਪ੍ਰੀਤ ਸਿੰਘ ਸੋਖੀ ਆਦਿ ਨੇ ਸ਼ੇਰਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ | ਇਨ੍ਹਾਂ ਆਗੂਆਂ ਨੇ ਕਿਹਾ ਕਿ ਬਹੁਤ ਹੀ ਆਪਣਾ ਮਾਣ ਵਾਲੀ ਗੱਲ ਹੈ ਕਿ ਅੰਮਿ੍ਤਸਰ ਦਾ ਨੌਜਵਾਨ ਸ਼ਮਸ਼ੇਰ ਸਿੰਘ ਸ਼ੇਰਾ ਜਿਸ ਨੇ ਕਰਨਾਲ ਦੀ ਧਰਤੀ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆਏ ਖਿਡਾਰੀਆਂ ਵਿਚੋਂ ਵੇਟ ਲਿਫਟਿੰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਖਿਡਾਰੀ ਖੇਡਾਂ ਵਿਚ ਮੱਲਾਂ ਮਾਰ ਕੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਹਨ, ਉਨ੍ਹਾਂ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਜਰੂਰ ਦਿੱਤਾ ਜਾਵੇ | ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਦੇ ਪਿਤਾ ਹਰਦਿਆਲ ਸਿੰਘ, ਮਾਤਾ ਰਣਜੀਤ ਕੌਰ ਤੇ ਪਤਨੀ ਮੁਸਕਾਨ ਕੌਰ ਆਦਿ ਪਰਿਵਾਰਕ ਮੈਂਬਰਾਂ ਨੇ ਪਾਵਰ ਲਿਫਟਿੰਗ ਦੇ ਵਿਚ ਜਿੱਤ ਪ੍ਰਾਪਤ ਕਰਨ 'ਤੇ ਖੁਸ਼ੀ 'ਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਢੋਲ ਦੀ ਤਾਲ ਤੇ ਭੰਗੜੇ ਵੀ ਪਾਏ | ਇਸ ਮੌਕੇ ਬਲਬੀਰ ਸਿੰਘ ਬੀਰਾ, ਗੁਰਤਿੰਦਰ ਸਿੰਘ ਸ਼ੈਰੀ, ਲਵਵਜੀਤ ਸਿੰਘ ਲਵ, ਗੁਰਮੱਖ ਸਿੰਘ ਬਿੱਟੂ, ਮਨਦੀਪ ਸਿੰਘ ਮੰਨੂ, ਕੁਲਵਿੰਦਰ ਸਿੰਘ ਧਾਮੀ ਆਦਿ ਹਾਜ਼ਰ ਸਨ |