ਅੰਮਿ੍ਤਸਰ, 2 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਇੰਫਲਿਬਨੈੱਟ ਸੈਂਟਰ, ਗਾਂਧੀਨਗਰ ਨਾਲ ਸ਼ੋਧ-ਚੱਕਰ ਪਲੇਟਫਾਰਮ ਦੀ ਸਥਾਪਨਾ ਲਈ ਸਮਝੌਤਾ (ਐੱਮ.ਓ.ਯੂ.) ਕੀਤਾ ਹੈ | ਖੋਜ ਪ੍ਰਬੰਧਨ ਤੇ ਵਿਦਵਤਾ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਕੀਤੇ ਗਏ ਇਸ ਮਹੱਤਵਪੂਰਨ ਕਦਮ 'ਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਤੇ ਇੰਫਲਿਬਨੈੱਟ ਸੈਂਟਰ ਦੀ ਡਾਇਰੈਕਟਰ ਪ੍ਰੋ. ਦੇਵਿਕਾ ਮਦਾਲੀ ਨੇ ਸਮਝੌਤੇ 'ਤੇ ਦਸਤਖ਼ਤ ਕੀਤੇ | ਇਸ ਮੌਕੇ ਯੂਨੀਵਰਸਿਟੀ ਵਲੋਂ ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. ਪਲਵਿੰਦਰ ਸਿੰਘ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਨਵਦੀਪ ਸਿੰਘ ਸੋਢੀ, ਡਾਇਰੈਕਟਰ ਰਿਸਰਚ ਪ੍ਰੋ. ਵੰਦਨਾ ਭੱਲਾ, ਪ੍ਰੋਫੈਸਰ-ਇਨ-ਚਾਰਜ ਲਾਇਬ੍ਰੇਰੀ ਪ੍ਰੋ. ਮਨਪ੍ਰੀਤ ਸਿੰਘ ਭੱਟੀ, ਡਾਇਰੈਕਟਰ ਆਈ. ਕਿਊ. ਏ. ਸੀ. ਪ੍ਰੋ. ਜਤਿੰਦਰ ਕੌਰ ਅਤੇ ਇੰਫਲਿਬਨੈੱਟ ਵਲੋਂ ਸਾਇੰਟਿਸਟ-ਈ (ਸੀ.ਐੱਸ.) ਡਾ. ਅਭਿਸ਼ੇਕ ਕੁਮਾਰ ਮੌਜੂਦ ਸਨ | ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਯੂ. ਜੀ. ਸੀ.-ਇੰਫਲਿਬਨੈੱਟ ਦੀ ਸ਼ੋਧ-ਚੱਕਰ ਪਹਿਲਕਦਮੀ ਖੋਜਕਾਰਾਂ, ਗਾਈਡਾਂ/ ਸੁਪਰਵਾਈਜ਼ਰਾਂ ਤੇ ਸੰਸਥਾਵਾਂ ਲਈ ਖੋਜ ਚੱਕਰ ਨੂੰ ਸੁਚਾਰੂ ਬਣਾਉਣ ਲਈ ਇਕ ਡਿਜੀਟਲ ਵਰਕਸਪੇਸ ਹੈ ਜੋ ਲੱਖਾਂ ਸਰੋਤਾਂ, ਖ਼ਾਸਕਰ ਪੂਰੇ ਟੈਕਸਟ ਵਾਲੇ ਥੀਸਿਸ ਨਾਲ ਜੁੜਿਆ ਹੋਇਆ ਹੈ | ਰਜਿਸਟਰਾਰ ਪ੍ਰੋ. ਚਾਹਲ ਨੇ ਕਿਹਾ ਕਿ ਇਹ ਸਮਝੌਤਾ ਨਵੀਨਤਾ ਨੂੰ ਵਧਾਵਾ ਦੇਵੇਗਾ ਤੇ ਵਿਭਿੰਨ ਵਿਸ਼ਿਆਂ ਵਿੱਚ ਉੱਚ ਸਿੱਖਿਆ ਤੇ ਖੋਜ ਨੂੰ ਅੱਗੇ ਵਧਾਉਣ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਸ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ | ਨੈਕ ਵੱਲੋਂ ਏ++ ਗ੍ਰੇਡ ਪ੍ਰਾਪਤ ਇਸ ਯੂਨੀਵਰਸਿਟੀ ਨੇ ਇਸ ਦੀ ਸੁਚਾਰੂ ਅਮਲੀ ਜਾਮਾ ਪਹਿਨਾਉਣ ਲਈ ਡਾਇਰੈਕਟਰ ਆਈ.ਕਿਊ.ਏ.ਸੀ. ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ |