ਅੰਮਿ੍ਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਵਿਖੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ ਮਹਾਤਮਾ ਆਨੰਦ ਸਵਾਮੀ ਦੀ ਯਾਦ ਵਿਚ ਇਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸਥਾਨਕ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸੁਦਰਸ਼ਨ ਕਪੂਰ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ 'ਚ ਪਹਿਲਾਂ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਫਿਰ ਮਹਾਤਮਾ ਆਨੰਦ ਸਵਾਮੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਮਹਾਨ ਵਿਅਕਤੀ ਸਨ ਜਿਨ੍ਹਾਂ ਦੀ ਉੱਤਮ ਸ਼ਖਸੀਅਤ ਆਰੀਆ ਸਮਾਜ ਦੀ ਪੂਰੀ ਆਚਾਰ ਸੰਹਿਤਾ ਨੂੰ ਮੂਰਤੀਮਾਨ ਕਰਦੀ ਸੀ | ਉਨ੍ਹਾਂ ਦੇ ਜੀਵਨ ਦਾ ਮੁੱਖ ਟੀਚਾ ਵੈਦਿਕ ਸੱਭਿਆਚਾਰ ਨੂੰ ਉੱਚਾ ਚੁੱਕਣਾ ਸੀ | ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਦੀਆਂ ਵੱਖ-ਵੱਖ ਪ੍ਰਾਪਤੀਆਂ ਤੋਂ ਜਾਣੰੂ ਕਰਵਾਉਂਦੇ ਹੋਏ ਕਿਹਾ ਕਿ ਡੀ. ਏ. ਵੀ. ਦਾ ਮੁੱਖ ਉਦੇਸ਼ ਉੱਚ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਸੰਸਕਿ੍ਤ ਅਤੇ ਸਵੈ-ਨਿਰਭਰ ਨਾਗਰਿਕਾਂ 'ਚ ਵਿਕਸਤ ਕਰਨਾ ਹੈ | ਇੰਦਰਪਾਲ ਆਰੀਆ ਪ੍ਰਧਾਨ ਆਰੀਆ ਸਮਾਜ ਲਕਸ਼ਮਣਸਰ ਨੇ ਆਪਣੇ ਸੰਬੋਧਨ 'ਚ ਮਹਾਤਮਾ ਆਨੰਦ ਸਵਾਮੀ, ਮਹਾਤਮਾ ਹੰਸਰਾਜ ਅਤੇ ਲਾਜਪਤ ਰਾਏ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਅਤੇ ਲੋਕਾਂ ਨੂੰ ਇਨ੍ਹਾਂ ਮਹਾਨ ਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ | ਸੁਦਰਸ਼ਨ ਕਪੂਰ ਨੇ ਹਵਨ ਦੇ ਸਫਲ ਆਯੋਜਨ ਲਈ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਇਸ ਤੱਥ 'ਤੇ ਚਾਨਣਾ ਪਾਇਆ ਕਿ ਮਹਾਤਮਾ ਆਨੰਦ ਸਵਾਮੀ ਨੇ ਆਪਣਾ ਪੂਰਾ ਜੀਵਨ ਆਰੀਆ ਸਮਾਜ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ | ਡਾ. ਅਨੀਤਾ ਨਰਿੰਦਰ ਵਲੋਂ ਮੰਚ ਸੰਚਾਲਨ ਕੀਤਾ ਗਿਆ | ਇਸ ਮੌਕੇ ਡਾ. ਅਰਵਿੰਦ ਸ਼ਰਮਾ ਮੈਂਬਰ ਸਥਾਨਕ ਪ੍ਰਬੰਧਕ ਕਮੇਟੀ, ਰਾਕੇਸ਼ ਮਹਿਰਾ, ਸੰਦੀਪ ਆਹੂਜਾ, ਆਰੀਆ ਸਮਾਜ ਸ਼ਕਤੀ ਨਗਰ, ਹਰੀਸ਼ ਓਬਰਾਏ, ਅਨਿਲ ਵਿਨਾਇਕ, ਅਰੁਣ ਵਿਨਾਇਕ, ਸ੍ਰੀਮਤੀ ਕਿਰਨ ਸੋਢੀ, ਆਰੀਆ ਸਮਾਜ ਲਾਰੈਂਸ ਰੋਡ ਦੇ ਮੈਂਬਰ, ਕਾਲਜ ਆਫਿਸ ਬੀਅਰਜਜ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ |