ਅੰਮਿ੍ਤਸਰ, 20 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨ ਸ਼ਹਿਰੀ ਖੇਤਰ ਛੇਹਰਟਾ ਵਿਖੇ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਪਰਤ ਰਹੇ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਲੋੜੀਂਦਾ ਮੁੱਖ ਸ਼ੁੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀਂ ਹੋ ਗਿਆ | ਪੁਲਿਸ ਵਲੋਂ ਸ਼ੂਟਰ ਤੇ ਉਸ ਦੇ ਸਾਥੀ ਨੂੰ ਗਿ੍ਫਤਾਰ ਕਰ ਲਿਆ ਗਿਆ, ਜਿਨ੍ਹਾਂ ਪਾਸੋਂ 9 ਐੱਮ.ਐੱਮ. ਦਾ ਗਲਾਕ ਪਿਸਤੌਲ ਆਸਟਰੀਆ ਦਾ ਬਣਿਆ ਬਰਾਮਦ ਕਰ ਲਿਆ ਗਿਆ ਹੈ | ਦੱਸਣਯੋਗ ਹੈ ਕਿ ਇੱਥੇ ਛੇਹਰਟਾ ਦੇ ਖੇਤਰ 'ਚ ਬੀਤੀ ਰਾਤ ਵੀ ਇਕ ਪੁਲਿਸ ਮੁਕਾਬਲਾ ਹੋਇਆ ਸੀ ਜਿਸ 'ਚ ਮਿੱਥ ਕੇ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਵਿਅਕਤੀ ਮੁਕਾਬਲੇ 'ਚ ਢੇਰ ਹੋ ਗਿਆ | ਇਸ ਤਰ੍ਹਾਂ 24 ਘੰਟਿਆਂ 'ਚ ਇਹ ਦੂਜਾ ਪੁਲਿਸ ਮੁਕਾਬਲਾ ਹੈ | ਛੇਹਰਟਾ ਕਾਂਡ 'ਚ ਲੋੜੀਂਦੇ ਮੁੱਖ ਸ਼ੂਟਰ ਤੇ ਉਸ ਦੇ ਸਾਥੀ ਦੀ ਸ਼ਨਾਖਤ ਜੋਬਨਪ੍ਰੀਤ ਸਿੰਘ ਉਰਫ ਜੋਬਨ (22) ਪਿੰਡ ਫੱਤੂਪੁਰ ਥਾਣਾ ਕੋਟਲੀ ਸੂਰਤ ਮੱਲ੍ਹੀ ਤੇ ਸੁਖਬੀਰ ਸਿੰਘ ਉਰਫ ਸੁੱਖ (22) ਵਾਸੀ ਪਿੰਡ ਮਾਹਲ ਕਲਾਨੌਰ ਦੋਵੇਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਇਹ ਦੋਵੇਂ ਨੌਜਵਾਨ ਬੇਰੁਜ਼ਗਾਰ ਦੱਸੇ ਗਏ ਹਨ ਅਤੇ ਉਨ੍ਹਾਂ ਖਿਲਾਫ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਮਾਮਲਾ ਨਹੀਂ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਸ ਤੋਂ ਪਹਿਲਾਂ ਗੁਰਲਾਲ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀਆਂ ਪਿੰਡ ਚੱਬਾ ਨੂੰ ਗਿ੍ਫਤਾਰ ਕੀਤਾ ਗਿਆ ਸੀ | ਇਸ ਉਪਰੰਤ ਅਗਲੇਰੀ ਜਾਂਚ 'ਚ ਉਕਤ ਮੁੱਖ ਸ਼ੂਟਰ ਜੋਬਨਪ੍ਰੀਤ ਸਿੰਘ ਨੂੰ ਸਾਥੀ ਸਮੇਤ ਗਿ੍ਫਤਾਰ ਕੀਤਾ ਗਿਆ | ਪੁੱਛਗਿੱਛ ਦੌਰਾਨ ਜੋਬਨਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਅਪਰਾਧ ਵਿਚ ਵਰਤੀ ਗਈ ਗਲੋਕ 9 ਐਮ.ਐਮ. ਪਿਸਤੌਲ ਛੁਪਾਇਆ ਹੋਇਆ ਹੈ ਤੇ ਉਹ ਇਸ ਨੂੰ ਬਰਾਮਦ ਕਰਵਾ ਸਕਦਾ ਹੈ ਤੇ ਦੱਸਿਆ ਕਿ ਇਹ ਹਥਿਆਰ ਲੋਡ ਨਹੀਂ ਹੈ | ਜਦੋਂ ਪੁਲਿਸ ਪਾਰਟੀ ਵਲੋਂ ਇਹ ਪਿਸਤੌਲ ਬਰਾਮਦ ਕਰਨ ਲਈ ਲਿਜਾਇਆ ਗਿਆ ਤਾਂ ਉਸ ਨੇ ਅਚਾਨਕ ਲੁਕੋਇਆ ਹੋਇਆ ਪਿਸਤੌਲ ਕੱਢ ਕੇ ਫੜ ਲਿਆ ਅਤੇ ਹੈੱਡ ਕਾਂਸਟੇਬਲ ਗੁਰਿੰਦਰ ਸਿੰਘ 'ਤੇ ਇੱਕ ਗੋਲੀ ਚਲਾਈ ਪਰ ਖੁਸ਼ਕਿਸਮਤੀ ਨਾਲ ਗੋਲੀ ਉਸਨੂੰ ਨਹੀਂ ਲੱਗੀ | ਇਸ ਉਪਰੰਤ ਥਾਣਾ ਛੇਹਰਟਾ ਦੇ ਐੱਸ.ਐੱਚ.ਓ. ਇੰਸ: ਲਵਪ੍ਰੀਤ ਸਿੰਘ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਜਵਾਬੀ ਗੋਲੀ ਚਲਾਈ, ਜੋ ਉਸ ਦੀ ਲੱਤ 'ਚ ਲੱਗੀ ਤੇ ਉਹ ਜ਼ਖ਼ਮੀਂ ਹੋ ਕੇ ਡਿਗ ਪਿਆ | ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਗਲਾਕ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ | ਇਸ ਮਾਮਲੇ ਦਾ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਹੈ, ਜਿਨ੍ਹਾਂ ਵਲੋਂ ਇਨ੍ਹਾਂ ਨੂੰ ਵਿਦੇਸ਼ ਦੁਬਈ ਭੇਜਣ ਦਾ ਲਾਰਾ ਲਾਇਆ ਸੀ | ਨਿਸ਼ਾਨ ਸਿੰਘ ਇਸ ਵੇਲੇ ਵਿਦੇਸ਼ 'ਚ ਹੈ | ਦੱਸਣਯੋਗ ਹੈ ਕਿ ਬੀਤੇ 18 ਨਵੰਬਰ ਨੂੰ ਵਰਿੰਦਰ ਸਿੰਘ ਨਾਮ ਦਾ ਇਕ ਵਿਅਕਤੀ ਜੋ ਗੁਰਦੁਆਰਾ ਛੇਹਰਟਾ ਸਾਹਿਬ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਵਾਪਸ ਆ ਰਿਹਾ ਸੀ | ਬਾਅਦ ਵਿਚ ਉਸ ਦੀ ਵੇਰਕਾ ਬਾਈਪਾਸ ਦੇ ਐਸਕਾਰਟ ਫੋਰਟਿਸ ਹਸਪਤਾਲ 'ਚ ਮੌਤ ਹੋ ਗਈ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਸ੍ਰੀਵੇਨੇਲਾ ਏ.ਡੀ.ਸੀ.ਪੀ.-2, ਸ਼ਿਵਦਰਸ਼ਨ ਸਿੰਘ ਏ.ਸੀ.ਪੀ ਪੱਛਮੀਂ, ਇੰਸ: ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਅੰਮਿ੍ਤਸਰ 'ਚ ਇਕ ਹੋਰ ਪੁਲਿਸ ਮੁਕਾਬਲਾ: ਛੇਹਰਟਾ ਹੱਤਿਆ ਕਾਂਡ 'ਚ ਲੋੜੀਂਦਾ ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ : ਦੋ ਗਿ੍ਫ਼ਤਾਰ 9 ਐਮ.ਐਮ. ਗਲਾਕ ਪਿਸਤੌਲ ਬਰਾਮਦ : ਸੀ.ਪੀ. ਭੁੱਲਰ
ਅਜੀਤ ਡੈਸਕ
21-11-2025