ਅੰਮਿ੍ਤਸਰ, 19 ਨਵੰਬਰ (ਰੇਸ਼ਮ ਸਿੰਘ)-ਨੈਸ਼ਨਲ ਕੈਡੇਟ ਕੋਰ (ਐੱਨ. ਸੀ. ਸੀ.) ਪੀ. ਐੱਚ. ਐੱਚ. ਪੀ. ਅਤੇ ਸੀ. ਐੱਚ. ਡਾਇਰੈਕਟੋਰੇਟ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮੇਜਰ ਜਨਰਲ ਭਰਤ ਮੇਹਤਾਨੀ ਨੇ ਐੱਨ. ਸੀ. ਸੀ. ਗਰੁੱਪ ਹੈੱਡਕੁਆਰਟਰ ਅੰਮਿ੍ਤਸਰ ਦਾ ਦੌਰਾ ਕੀਤਾ, ਜੋ ਕਿ ਅਹੁਦਾ ਸੰਭਾਲਣ ਅਤੇ ਸਿਖਲਾਈ ਗਤੀਵਿਧੀਆਂ ਦੀ ਸਮੀਖਿਆ ਕਰਨ ਦੇ ਆਪਣੇ ਪਹਿਲੇ ਦੌਰੇ ਦੇ ਹਿੱਸੇ ਵਜੋਂ ਸੀ | ਇਸ ਮੌਕੇ ਉਨ੍ਹਾਂ ਦਾ ਸਵਾਗਤ ਐੱਨ. ਸੀ. ਸੀ. ਗਰੁੱਪ ਕਮਾਂਡਰ ਬਿ੍ਗੇਡੀਅਰ ਕੁਲਬੀਰ ਸਿੰਘ ਨੇ ਕੀਤਾ ਅਤੇ ਹੈੱਡਕੁਆਰਟਰ ਦੇ ਅਧੀਨ ਵੱਖ-ਵੱਖ ਯੂਨਿਟਾਂ ਤੋਂ ਆਏ ਐੱਨ. ਸੀ. ਸੀ. ਕੈਡਿਟਾਂ ਦੀ ਇਕ ਟੁਕੜੀ ਦੁਆਰਾ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ | ਏ. ਡੀ. ਜੀ. ਨੂੰ ਗਰੁੱਪ ਕਮਾਂਡਰ ਦੁਆਰਾ ਖੇਤਰ ਵਿਚ ਕੀਤੀਆਂ ਜਾ ਰਹੀਆਂ ਵਿਆਪਕ ਐੱਨ. ਸੀ. ਸੀ. ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ ਸਿਖਲਾਈ ਪ੍ਰੋਗਰਾਮ, ਆਉਣ ਵਾਲੇ ਕੈਂਪ, ਸਮਾਜ ਸੇਵਾ ਪਹਿਲਕਦਮੀਆਂ, ਅਤੇ ਦੂਰ-ਦੁਰਾਡੇ ਅਤੇ ਅੰਦਰੂਨੀ ਖੇਤਰਾਂ ਤੱਕ ਆਪਣੀ ਪਹੁੰਚ ਨੂੰ ਵਧਾਉਣ ਦੇ ਸਮੂਹ ਦੇ ਯਤਨ ਸ਼ਾਮਿਲ ਹਨ | ਇਸ ਦੌਰੇ ਦੌਰਾਨ ਮੇਜਰ ਜਨਰਲ ਮੇਹਤਾਨੀ ਨੇ ਅਧਿਕਾਰੀਆਂ, ਐਸੋਸੀਏਟ ਐੱਨ. ਸੀ. ਸੀ. ਅਫਸਰਾਂ, ਨਿਰਦੇਸ਼ਕ ਸਟਾਫ਼ ਅਤੇ ਚੁਣੇ ਹੋਏ ਕੈਡਿਟਾਂ ਨਾਲ ਗੱਲਬਾਤ ਕੀਤੀ |