ਅੰਮਿ੍ਤਸਰ, 19 ਨਵੰਬਰ (ਰਾਜੇੇਸ਼ ਕੁਮਾਰ ਸ਼ਰਮਾ)-ਆਈ. ਕਿਊ. ਏ. ਸੀ. ਦੀ ਅਗਵਾਈ ਹੇਠ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਇਲੈਕਟ੍ਰੋਲ ਲਿਟਰੇਸੀ ਕਲੱਬ ਨੇ ਕਾਲਜ ਕੈਂਪਸ 'ਚ ਸਾਡੇ ਮੌਲਿਕ ਅਧਿਕਾਰ : ਜਾਗਰੂਕਤਾ, ਜ਼ਿੰਮੇਵਾਰੀ ਅਤੇ ਸੁਰੱਖਿਆ ਵਿਸ਼ੇ 'ਤੇ ਇਕ ਵਿਆਪਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੁਆਰਾ ਗਰੰਟੀਸ਼ੁਦਾ ਮੌਲਿਕ ਅਧਿਕਾਰਾਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕਰਨਾ ਸੀ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡਾ ਉਦੇਸ਼ ਨਾ ਸਿਰਫ਼ ਅਕਾਦਮਿਕ ਉੱਤਮਤਾ ਪ੍ਰਦਾਨ ਕਰਨਾ ਹੈ ਬਲਕਿ ਦੇਸ਼ ਦੇ ਜ਼ਿੰਮੇਵਾਰ ਨਾਗਰਿਕਾਂ ਨੂੰ ਤਿਆਰ ਕਰਨਾ ਵੀ ਹੈ | ਅਜਿਹੇ ਪ੍ਰੋਗਰਾਮ ਸਾਡੇ ਨੌਜਵਾਨਾਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ 'ਚ ਮਦਦ ਕਰਦੇ ਹਨ | ਇਸ ਮੌਕੇ ਰਾਜਨੀਤੀ ਸ਼ਾਸਤਰ ਦੇ ਮੁਖੀ ਪ੍ਰੋਫੈਸਰ ਸੁਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸੰਵਿਧਾਨ 'ਚ ਦਰਜ ਛੇ ਮੌਲਿਕ ਅਧਿਕਾਰਾਂ ਬਾਰੇ ਵਿਸਥਾਰ 'ਚ ਦੱਸਿਆ ਕਿ ਸਮਾਨਤਾ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਅਤੇ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ | ਉਨ੍ਹਾਂ ਨੇ ਇਨ੍ਹਾਂ ਅਧਿਕਾਰਾਂ ਨਾਲ ਜੁੜੀਆਂ ਨਾਗਰਿਕ ਜ਼ਿੰਮੇਵਾਰੀਆਂ 'ਤੇ ਵੀ ਚਾਨਣਾ ਪਾਇਆ | ਪ੍ਰੋ. ਸੁਰਿੰਦਰ ਨੇ ਮੌਲਿਕ ਅਧਿਕਾਰਾਂ ਅਤੇ ਵੋਟ ਪਾਉਣ ਦੀ ਸ਼ਕਤੀ ਵਿਚਕਾਰ ਅਟੁੱਟ ਸੰਬੰਧ 'ਤੇ ਜ਼ੋਰ ਦਿੱਤਾ | ਵਿਦਿਆਰਥੀਆਂ ਨੇ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਸੈਸ਼ਨ ਰਾਹੀਂ ਉਨ੍ਹਾਂ ਨੇ ਇਨ੍ਹਾਂ ਅਧਿਕਾਰਾਂ ਦੇ ਵਿਹਾਰਕ ਪਹਿਲੂਆਂ ਨੂੰ ਬਿਹਤਰ ਢੰਗ ਨਾਲ ਸਮਝਿਆ | ਇਸ ਮੌਕੇ ਡਾ. ਗੌਰਵ ਸ਼ਰਮਾ ਅਤੇ ਪ੍ਰੋ. ਮੋਹਿਤ ਮਹਿਰਾ ਵੀ ਮੌਜੂਦ ਸਨ |