ਅੰਮਿ੍ਤਸਰ, 19 ਨਵੰਬਰ (ਰੇਸ਼ਮ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ-163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਅੰਮਿ੍ਤਸਰ ਵਿਚ 20 ਤੇ 21 ਨਵੰਬਰ ਨੂੰ ਨਗਰ ਕੀਰਤਨ ਜੋ ਕਿ ਗੁਰਦਾਸਪੁਰ ਤੋਂ ਮਹਿਤਾ ਚੌਂਕ ਦੇ ਰਸਤੇ ਤੋਂ ਜ਼ਿਲ੍ਹੇ ਵਿਚ ਦਾਖਲ ਹੋਵੇਗਾ, ਦੇ ਰਸਤੇ ਦੇ ਦੋਵੇਂ ਪਾਸੇ ਸਥਿਤ ਸ਼ਰਾਬ ਦੇ ਠੇਕੇ, ਅਹਾਤੇ, ਪਾਨ-ਬੀੜੀ, ਤੰਬਾਕੂ, ਸਿਗਰੇਟ ਪਦਾਰਥਾਂ ਆਧਾਰਤ ਦੁਕਾਨਾਂ, ਆਂਡਾ, ਮੀਟ/ਮੱਛੀ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿਤੀ 20 ਨਵੰਬਰ 2025 ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ 20 ਨਵੰਬਰ ਨੂੰ ਮਹਿਤਾ ਚੌਂਕ ਤੋਂ ਬਾਬਾ ਬਕਾਲਾ ਸਾਹਿਬ, ਰਈਆ, ਜੰਡਿਆਲਾ ਗੁਰੂ, ਗੋਲਡਨ ਗੇਟ, ਰਾਮ ਤਲਾਈ ਚੌਂਕ, ਘਿਓ ਮੰਡੀ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਹੁੰਦਾ ਹੋਇਆ ਡੇਰਾ ਬਾਬਾ ਭੂਰੀ ਵਾਲੇ ਪੁੱਜੇਗਾ | 21 ਨਵੰਬਰ ਨੂੰ ਇਹ ਨਗਰ ਕੀਰਤਨ ਇੱਥੋਂ ਸ਼ੁਰੂ ਹੋ ਕੇ ਸ੍ਰੀ ਸ਼ਹੀਦ ਗੰਜ ਸਾਹਿਬ ਗਿਲਵਾਲੀ ਗੇਟ, ਹਕੀਮਾਂ ਗੇਟ, ਖਜਾਨਾ ਗੇਟ, ਝਬਾਲ ਰੋਡ, ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਲਈ ਜਾਵੇਗਾ | ਇਸ ਲਈ ਇਹ ਪਾਬੰਦੀ ਲਗਾਈ ਗਈ ਹੈ |