ਅੰਮਿ੍ਤਸਰ, 18 ਨਵੰਬਰ (ਗਗਨਦੀਪ ਸ਼ਰਮਾ)-ਆਸ਼ਾ ਵਰਕਰ ਅਤੇ ਫਸੀਲੀਟੇਟਰ ਯੂਨੀਅਨ (ਸੀਟੂ) ਦੀ ਸੂਬਾ ਪੱਧਰੀ ਮੀਟਿੰਗ ਸੂਬਾਈ ਪ੍ਰਧਾਨ ਕਾਮਰੇਡ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਵਿਖੇ ਹੋਈ | ਸੂਬਾਈ ਜਨਰਲ ਸਕੱਤਰ ਸੀਮਾ ਰਾਣੀ ਨੇ ਸੂਬਾ ਸਰਕਾਰ ਤੋਂ ਵਿਛੜ ਗਈਆਂ ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ, ਇਕ ਜੀਅ ਨੂੰ ਨੌਕਰੀ ਤੇ ਮੁਲਾਜ਼ਮਾਂ ਵਾਲੀ ਸਹੂਲਤਾਂ, ਕੱਟੇ ਭੱਤੇ ਤੁਰੰਤ ਰਿਲੀਜ਼ ਕਰਨ ਅਤੇ ਆਸ਼ਾ ਵਰਕਰਾਂ 'ਚੋਂ ਏ. ਐੱਨ. ਐੱਮ. ਦੀ ਪ੍ਰਮੋਸ਼ਨ ਕਰਨ ਦੀ ਮੰਗ ਕੀਤੀ | ਇਸ ਮੀਟਿੰਗ 'ਚ ਮੁੁੱਖ ਤੌਰ 'ਤੇ ਸ਼ਾਮਿਲ ਹੋਏ ਸੀਟੂ ਦੇ ਸੂਬਾਈ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਸੀਟੂ ਦਾ ਸੂਬਾਈ ਇਜਲਾਸ 25-26 ਨਵੰਬਰ 2025 ਨੂੰ ਸੰਗਰੂਰ ਵਿਖੇ ਹੋ ਰਿਹਾ ਹੈ | ਇਸ ਇਜਲਾਸ ਵਿਚ ਸ਼ਾਮਿਲ ਹੋਣ ਲਈ ਆਸ਼ਾ ਵਰਕਰ ਅਤੇ ਫਸੀਲੀਟੇਟਰ ਯੂਨੀਅਨ ਨੂੰ ਤਿੰਨ ਡੈਲੀਗੇਟ ਦਿੱਤੇ ਗਏ ਹਨ, ਜਿਸ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਉਸ ਅਨੁਸਾਰ ਸੂਬਾਈ ਪ੍ਰਧਾਨ ਸਰੋਜ ਬਾਲਾ, ਸੂਬਾਈ ਵਿੱਤ ਸਕੱਤਰ ਰਘਬੀਰ ਕੌਰ ਅਤੇ ਸਕੱਤਰ ਪਲਵਿੰਦਰ ਕੌਰ ਫਲੋਰ ਨੂੰ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਇਜਲਾਸ ਸੀਟੂ ਦੇ ਇਜਲਾਸ ਤੋਂ ਬਾਅਦ ਨਵੇਂ ਸਾਲ ਵਿਚ ਕੀਤਾ ਜਾਵੇਗਾ | ਅੱਜ ਦੀ ਮੀਟਿੰਗ 'ਚ ਅਮਰਜੀਤ ਕੌਰ ਬੇਵੀ, ਜਸਵਿੰਦਰ ਕੌਰ ਰੋਪੜ, ਮਨਜੀਤ ਕੌਰ ਨਵਾਂ ਸ਼ਹਿਰ ਆਦਿ ਵੀ ਹਾਜ਼ਰ ਸਨ |