ਅੰਮਿ੍ਤਸਰ, 18 ਨਵੰਬਰ (ਰੇਸ਼ਮ ਸਿੰਘ)- ਰਣਜੀਤ ਐਵੀਨਿਊ 'ਚ ਲੱਗੇ ਕੂੜੇ ਦੇ ਢੇਰਾਂ ਦਾ ਮੁੱਦਾ ਜ਼ੋਰ ਫੜ ਗਿਆ ਹੈ ਅੱਜ ਇੱਥੇ ਸਥਾਨਕ ਸਰਕਾਰਾਂ ਮੰਤਰੀ ਤੇ ਸੀਨੀ: ਕਾਂਗਰਸੀ ਆਗੂ ਅਨਿਲ ਜੋਸ਼ੀ ਦੀ ਅਗਵਾਈ ਹੇਠ ਕੂੜੇ ਖਿਲਾਫ ਲਾਏ ਧਰਨੇ 'ਚ ਵੱਡੀ ਤਾਦਾਦ 'ਚ ਕਾਂਗਰਸੀਆਂ ਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ 'ਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੌਰਵ ਮਿਠੂ ਮੈਦਾਨ ਵੀ ਸ਼ਾਮਿਲ ਹੋਏ | ਅਨਿਲ ਜੋਸ਼ੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਪ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਜਿਹੜੀ ਸਰਕਾਰ ਕੂੜੇ ਦਾ ਮਸਲਾ ਹੱਲ ਨਹੀਂ ਕਰਵਾ ਸਕਦੀ, ਉਹ ਹੋਰ ਕੀ ਕਰੇਗੀ | ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਪਾਸ਼ ਖੇਤਰ ਰਣਜੀਤ ਐਵੀਨਿਊ ਨੂੰ ਕੂੜੇ ਦਾ ਢੇਰ ਨਹੀਂ ਬਣਨ ਦੇਣਗੇ ਅਤੇ ਲੋਕਾਂ 'ਚ ਸਰਕਾਰ ਖਿਲਾਫ ਗੁੱਸੇ ਦੀ ਲਹਿਰ ਪੈਦਾ ਹੋ ਰਹੀ ਹੈ ਅਤੇ ਜਿਨ੍ਹਾ ਚਿਰ ਤੱਕ ਕੂੜੇ ਦਾ ਮਾਮਲਾ ਹੱਲ ਨਹੀਂ ਹੁੰਦਾ, ਉਨੀ ਦੇਰ ਤੱਕ ਉਹ ਚੁੱਪ ਨਹੀਂ ਬੈਠਣਗੇ | ਉਨ੍ਹਾਂ ਕਿਹਾ ਕਿ ਇਹ ਲੜਾਈ ਕੇਵਲ ਕੂੜੇ ਦੇ ਡੰਪ ਬਣਨ ਜਾ ਰਹੇ ਇਲਾਕੇ ਦੀ ਨਹੀਂ ਬਲਕਿ ਸਰਕਾਰ ਤੇ ਖਾਸ ਕਰ ਨਿਗਮ 'ਚ ਫੈਲੇ ਭਿ੍ਸ਼ਟਾਚਾਰ ਦੀ ਕਹਾਣੀ ਹੈ ਹਰੇਕ ਵਿਭਾਗ 'ਚ ਭਿ੍ਸ਼ਟਾਚਾਰ ਚਰਮ ਸੀਮਾ 'ਤੇ ਹੈ | ਇਸ ਮੌਕੇ ਸੰਦੀਪ ਸ਼ਾਹ, ਹਰਪਣ ਔਜਲਾ, ਅਸ਼ੋਕ, ਵੀਰੂ ਮੁਸਤਫਾਬਾਦ, ਰਾਜੇਸ਼ ਰੈਣਾ, ਹਰਵਿੰਦਰ ਸਿੰਘ ਵਿਰਕ, ਦਿਲਦੀਤ ਸਿੰਘ ਢਿੱਲੋਂ, ਗੁਰਦੇਵ ਸਿੰਘ ਬਾਠ, ਜੁਆਇੰਟ ਐਕਸ਼ਨ ਕਮੇਟੀ ਮੈਂਬਰ ਸਾਹਿਬਾਨ ਤੋਂ ਇਲਾਵਾ ਰਾਜੇਸ਼ ਰੈਣਾ, ਲੱਡਾ ਗੁਰਮੀਤ ਸਿੰਘ, ਪਰਮਜੀਤ ਸਿੰਘ ਰਿੰਕੂ, ਸੋਨੂੰ, ਯੋਗ ਰਾਜ ਫ਼ੌਜੀ ਸਨੀ ਸ਼ੇਰਗਿੱਲ, ਰਾਜਨ ਕਦ ਆਦਿ ਹਾਜ਼ਰ ਸਨ |