ਮਜੀਠਾ, 18 ਨਵੰਬਰ (ਮਨਿੰਦਰ ਸਿੰਘ ਸੋਖੀ)-ਥਾਣਾ ਮਜੀਠਾ ਮੂਹਰੇ ਆਪਣੇ ਨੌਜਵਾਨ ਪੁੱਤਰ ਦੇ ਭੇਦਭਰੀ ਹਾਲਤ 'ਚ ਲਾਪਤਾ ਹੋਣ ਉਪਰੰਤ ਉਸ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਵਲੋਂ ਇਨਸਾਫ ਨਾ ਮਿਲਦਾ ਵੇਖ ਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਮਜੀਠਾ ਅੰਮਿ੍ਤਸਰ ਮੁੱਖ ਸੜਕ ਦੀ ਆਵਾਜਾਈ ਬੰਦ ਕਰਕੇ ਧਰਨਾ ਲਗਾ ਦਿੱਤਾ ਗਿਆ | ਮਨਦੀਪ ਸਿੰਘ ਉਰਫ ਮੰਨਾ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਭੋਲੇਕੇ ਥਾਣਾ ਫਤਿਹਗੜ੍ਹ ਚੂੜੀਆਂ ਵਲੋਂ ਥਾਣਾ ਮਜੀਠਾ ਵਿਖੇ ਦਿੱਤੇ ਗਏ ਬਿਆਨਾਂ ਵਿਚ ਉਸ ਨੇ ਦੱਸਿਆ ਉਸ ਦਾ ਭਰਾ ਸੰਦੀਪ ਸਿੰਘ ਉਸ ਦੀ ਪਤਨੀ ਨਵਜੋਤ ਕੌਰ ਆਪਣੇ ਬੱਚਿਆਂ ਸਮੇਤ ਉਸ ਦੇ ਕੋਲ ਹੀ ਪਿੰਡ ਭੋਲੇਕੇ ਵਿਖੇ ਰਹਿ ਰਹੇ ਹਨ | ਉਸ ਦੇ ਦੱਸਣ ਅਨੁਸਾਰ ਮਿਤੀ 14 ਨਵੰਬਰ ਨੂੰ ਉਸ ਦਾ ਭਤੀਜਾ ਸਹਿਜਦੀਪ ਸਿੰਘ ਉਰਫ ਸਹਿਜ ਪੁੱਤਰ ਸੰਦੀਪ ਸਿੰਘ ਪਿੰਡ ਭੋਲੇਕੇ ਵਿਖੇ ਆਪਣੀ ਮੋਟਰ 'ਤੇ ਕੰਮ ਕਰ ਰਿਹਾ ਸੀ ਵਕਤ ਕਰੀਬ ਇੱਕ ਵਜੇ ਦਿਨ ਪਿੰਡ ਦੇ ਹੀ ਮੁੰਡੇ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁਤਰਾਨ ਅਮਰਜੀਤ ਸਿੰਘ ਵਾਸੀਆਨ ਭੋਲੇਕੇ ਥਾਣਾ ਫਤਿਹਗੜ੍ਹ ਚੂੜੀਆਂ ਉਨ੍ਹਾਂ ਦੇ ਡੇਰੇ ਤੋਂ ਆਪਣੇ ਨਾਲ ਡਿਸਕਵਰ ਮੋਟਰ ਸਾਈਕਲ ਨੰਬਰ ਪੀ.ਬੀ./11/ ਏ. ਐੱਸ/3856 'ਤੇ ਆਏ ਅਤੇ ਉਸ ਦੇ ਭਤੀਜੇ ਸਹਿਜਦੀਪ ਸਿੰਘ ਉਰਫ ਸਹਿਜ ਨੂੰ ਨਾਲ ਬਿਠਾ ਕੇ ਫਤਿਹਗੜ੍ਹ ਚੂੜੀਆਂ ਵੱਲ ਲੈ ਗਏ, ਜਦ ਉਸ ਦਾ ਭਤੀਜਾ ਸ਼ਾਮ ਤੱਕ ਘਰ ਨਾ ਆਇਆ, ਉਨ੍ਹਾਂ ਨੇ ਇਸ ਸੰਬੰਧੀ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਦਰਖਾਸਤ ਦਿੱਤੀ | ਜਿਸ 'ਤੇ ਪੁਲਿਸ ਨੇ ਗੁੰਮਸ਼ੁਦਗੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ | ਮਨਦੀਪ ਸਿੰਘ ਉਰਫ ਮਨੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ 'ਤੇ ਉਨ੍ਹਾਂ ਨੇ ਆਕੇ ਲਾਸ਼ ਦੇ ਕੱਪੜਿਆਂ ਤੋਂ ਆਪਣੇ ਮੁੰਡੇ ਸਹਿਜਦੀਪ ਸਿੰਘ ਉਰਫ ਸਹਿਜ ਦੀ ਪਹਿਚਾਣ ਕੀਤੀ | ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਭਤੀਜੇ ਸਹਿਜਦੀਪ ਸਿੰਘ ਉਰਫ ਸਹਿਜ ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁਤਰਾਨ ਅਮਰਜੀਤ ਸਿੰਘ ਵਾਸੀ ਭੋਲੇਕੇ ਨੇ ਸੁਰਜੀਤ ਸਿੰਘ ਉਰਫ ਬੱਬੂ ਪੁੱਤਰ ਨਿਰਮਲ ਸਿੰਘ ਅਤੇ ਇਸ ਦੇ ਲੜਕੇ ਤੇਜਪਾਲ ਸਿੰਘ ਉਰਫ ਤੇਜ ਵਾਸੀਆਨ ਭੋਲੇਕੇ ਦੀ ਸ਼ਹਿ 'ਤੇ ਸਾਡੀ ਮੋਟਰ ਤੋਂ ਲਿਜਾ ਕੇ ਕਸਬਾ ਮਜੀਠਾ ਦੇ ਨੇੜੇ ਕੋਈ ਨਸ਼ੀਲੀ ਵਸਤੂ ਦੇ ਕੇ ਮਾਰ ਦਿੱਤਾ | ਉਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਥਾਣਾ ਮਜੀਠਾ ਦੀ ਪੁਲਿਸ ਨੂੰ ਉਕਤ ਦੱਸੇ ਗਏ ਚਾਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕਰਨ ਦੀ ਮੰਗ ਕੀਤੀ ਪਰ ਪੁਲਿਸ ਦੀ ਇਸ ਸੰਬੰਧ ਵਿਚ ਢਿੱਲੀ ਕਾਰਵਾਈ ਦੇਖਦੇ ਹੋਏ ਥਾਣਾ ਮਜੀਠਾ ਮੂਹਰੇ ਆਵਾਜਾਈ ਬੰਦ ਕਰਕੇ ਧਰਨਾ ਲਗਾ ਦਿੱਤਾ ਗਿਆ, ਜਿਹੜਾ ਕਿ ਲਗਾਤਾਰ ਤਿੰਨ ਘੰਟੇ ਜਾਰੀ ਰਿਹਾ | ਅਖ਼ੀਰ ਥਾਣਾ ਮਜੀਠਾ ਵਿਖੇ ਮਾਮਲੇ ਸੰਬੰਧੀ ਪੀੜਤ ਪਰਿਵਾਰ ਵਲੋਂ ਦੱਸੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ | ਥਾਣਾ ਮਜੀਠਾ ਦੇ ਐੱਸ.ਐੱਚ.ਓ ਇੰਸਪੈਕਟਰ ਕਰਮਪਾਲ ਸਿੰਘ ਨੇ ਦੱਸਿਆ ਕਿ ਮੁਦੱਈ ਦੇ ਬਿਆਨਾਂ ਦੇ ਆਧਾਰ ਤੇ ਬਣਦੀਆ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਹਨ | ਦੋਸ਼ੀ ਜਲਦ ਹੀ ਪੁਲਿਸ ਦੀ ਗਿ੍ਫਤ ਵਿਚ ਹੋਣਗੇ |
ਪੁੱਤਰ ਦੀ ਮੌਤ ਦਾ ਇਨਸਾਫ ਨਾ ਮਿਲਣ 'ਤੇ ਪਰਿਵਾਰ ਨੇ ਥਾਣਾ ਮਜੀਠਾ ਮੂਹਰੇ ਲਾਇਆ ਧਰਨਾ
ਅਜੀਤ ਡੈਸਕ
19-11-2025