ਅੰਮਿ੍ਤਸਰ, 18 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਵਲੋਂ ਅਣ-ਅਧਿਕਾਰਤ ਕਾਲੋਨੀਆਂ 'ਤੇ ਕਾਰਵਾਈ ਕਰਦੇ ਹੋਏ ਪੱਛਮੀ ਜ਼ੋਨ ਵਿਚ ਪੈਂਦੀਆਂ ਦੋ ਅਣ-ਅਧਿਕਾਰਤ ਤੌਰ 'ਤੇ ਬਣਾਈਆਂ ਗਈਆਂ ਕਾਲੋਨੀਆਂ 'ਤੇ ਪੀਲਾ ਪੰਜਾ ਚਲਾ ਕੇ ਕਾਲੋਨੀਆਂ 'ਚ ਪਾਈਆਂ ਸੀਵਰੇਜ ਲਾਈਨਾਂ ਅਤੇ ਸੜਕਾਂ ਨੂੰ ਪੁੱਟਿਆ ਗਿਆ | ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੰਯੁਕਤ ਕਮਿਸ਼ਨਰ ਜੈਇੰਦਰ ਸਿੰਘ ਦੀਆਂ ਹਦਾਇਤਾਂ 'ਤੇ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਐੱਮ. ਟੀ. ਪੀ. ਮਿਹਰਬਾਨ ਸਿੰਘ ਅਤੇ ਏ. ਟੀ. ਪੀ. ਵਜ਼ੀਰ ਰਾਜ ਸਿੰਘ ਦੀ ਅਗਵਾਈ ਹੇਠ ਸਥਾਨਕ ਕੋਟ ਖਾਲਸਾ ਅਤੇ ਛੇਹਰਟਾ ਸਥਿਤ ਹਨੂੰਮਾਨ ਮੰਦਿਰ ਨੇ ਪਿਛਲੇ ਪਾਸੇ ਕਰੀਬ ਦੋ -ਦੋ ਏਕੜ ਵਿਚ ਬਿਨਾਂ ਪ੍ਰਵਾਨਗੀ ਦੇ ਕੱਟੀਆਂ ਗਈਆਂ ਕਾਲੋਨੀਆਂ 'ਤੇ ਕਾਰਵਾਈ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਮਿਹਰਬਾਨ ਸਿੰਘ ਅਤੇ ਵਜ਼ੀਰ ਰਾਜ ਸਿੰਘ ਨੇ ਦੱਸਿਆ ਕਿ ਉਕਤ ਕਾਲੋਨੀਆਂ ਦੇ ਮਾਲਕਾਂ ਨੂੰ ਇਸ ਤੋਂ ਪਹਿਲਾਂ ਨੋਟਿਸ ਕੱਢਿਆ ਗਿਆ ਸੀ ਅਤੇ ਅਣ ਅਧਿਕਾਰਤ ਤੌਰ 'ਤੇ ਬਣਾਈਆਂ ਗਈਆਂ ਇਨ੍ਹਾਂ ਕਾਲੋਨੀਆਂ ਰੈਗੂਲਰ ਕਰਵਾਉਣ ਲਈ ਕਿਹਾ ਗਿਆ ਸੀ ਪਰ ਸਰਕਾਰੀ ਨੋਟਿਸਾਂ ਦੀ ਪ੍ਰਵਾਹ ਨਾ ਕਰਦੇ ਹੋਏ ਕਾਲੋਨੀ ਮਾਲਕਾਂ ਵਲੋਂ ਅਣ-ਅਧਿਕਾਰਤ ਤੌਰ 'ਤੇ ਕਾਲੋਨੀ ਵਿਚ ਬਣਾ ਕੇ ਉਨ੍ਹਾਂ ਵਿਚ ਸੜਕਾਂ ਬਣਾਈਆਂ ਜਾ ਰਹੀਆਂ ਅਤੇ ਸੀਵਰੇਜ ਪਾਏ ਜਾ ਰਹੇ | ਜਿਸ 'ਤੇ ਬਿਲਡਿੰਗ ਵਿਭਾਗ ਵਲੋਂ ਅੱਜ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਮੌਕੇ 'ਤੇ ਬਿਲਡਿੰਗ ਇੰਸਪੈਕਟਰ ਨਿਤਿਨ ਧੀਰ, ਬਿਲਡਿੰਗ ਵਿਭਾਗ ਦਾ ਹੋਰ ਸਟਾਫ਼ ਅਤੇ ਪੁਲਿਸ ਪਾਰਟੀ ਮੌਜੂਦ ਸੀ |
ਨਗਰ ਨਿਗਮ ਦਾ ਦੋ ਅਣ-ਅਧਿਕਾਰਤ ਕਾਲੋਨੀਆਂ 'ਤੇ ਚੱਲਿਆ ਪੀਲਾ ਪੰਜਾ
ਅਜੀਤ ਡੈਸਕ
19-11-2025