ਸ਼ਹਾਦਤਾਂ ਨੂੰ ਸਮਰਪਿਤ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ 9 ਰੋਜ਼ਾ ਸਮਾਗਮ ਸ਼ੁਰੂ
ਅਜੀਤ ਡੈਸਕ
19-11-2025
ਜਗਰਾਉਂ, 18 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਕੱਚਾ ਮਲਕ ਰੋਡ ਜਗਰਾਉਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਅਤੇ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਹੋਰਾਂ ਦੀ ਸ਼ਹਾਦਤ ਨੂੰ ਸਮਰਪਿਤ 9 ਰੋਜ਼ਾ ਸਮਾਗਮ ਸ਼ੁਰੂ ਹੋਏ | ਸਮਾਗਮ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਤੋਂ ਦੇਰ ਸ਼ਾਮ ਸ਼ਾਮਾਂ ਫੇਰੀ ਸ਼ੁਰੂ ਹੋਈ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਵੱਖ-ਵੱਖ ਮੁਹੱਲਿਆਂ ਤੋਂ ਗੁਜਰੀ ਹੋਈ ਇਹ ਪ੍ਰਭਾਤ ਫੇਰੀ ਈਸਟ ਮੋਤੀ ਬਾਗ ਵਿਖੇ ਪਹੁੰਚੀ | ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਭ ਤੋਂ ਪਹਿਲਾਂ ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਪ੍ਰਭਜੋਤ ਸਿੰਘ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਤੋਂ ਬਾਅਦ ਸੰਗਤੀ ਰੂਪ ਵਿਚ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਰਿਯਾਦਾ ਵਿਚ ਰਹਿ ਕੇ ਜੀਵਨ ਬਤੀਤ ਕਰਨ ਵਾਲਾ ਹੀ ਅਸਲੀ ਤੇ ਸੱਚਾ ਸਿੱਖ ਹੁੰਦਾ ਹੈ | ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਿਆ ਜਾਂਦਾ ਹੈ | ਇਸ ਲਈ ਜਦ ਵੀ ਅਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਅੰਦਰ ਬਿਰਾਜਮਾਨ ਕਰਦੇ ਹਾਂ ਤਾਂ ਸਤਿਕਾਰ ਵਜੋਂ ਪਰਿਵਾਰ ਦੇ ਹਰ ਜੀਅ ਨੂੰ ਪੜ੍ਹੀ ਜਾ ਰਹੀ ਬਾਣੀ ਨੂੰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠ ਕੇ ਸੁਣਨਾ ਚਾਹੀਦਾ ਹੈ | ਕਿਉਂਕਿ ਇਹ ਪਾਠੀ ਸਿੰਘ ਨਹੀਂ ਬਲਕਿ ਗੁਰੂ ਸਾਹਿਬ ਆਪ ਬੋਲ ਰਹੇ ਹੁੰਦੇ ਹਨ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮਾਂ ਫੇਰੀਆਂ ਦਾ ਇਹ ਸਿਲਸਿਲਾ 21 ਨਵੰਬਰ ਤੱਕ ਜਾਰੀ ਰਹੇਗਾ | 22 ਤਰੀਕ ਨੂੰ ਸ਼ਹਿਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ਾਮ 5:30 ਨਗਰ ਕੀਰਤਨ ਸਜਾਇਆ ਜਾਵੇਗਾ | ਇਹ ਨਗਰ ਕੀਰਤਨ ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ | 24 ਨਵੰਬਰ ਦੀ ਸ਼ਾਮ ਨੂੰ ਕਵੀ ਦਰਬਾਰ ਹੋਵੇਗਾ | 25 ਨਵੰਬਰ ਦੀ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ ਜਿਸ ਵਿਚ ਸਿੱਖ ਕੌਮ ਦੇ ਨਾਮੀ ਕੀਰਤਨੀ ਜਥੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਨ ਲਈ ਅਪੀਲ ਵੀ ਕੀਤੀ | ਉਨ੍ਹਾਂ ਦੱਸਿਆ ਕਿ ਅੰਤ ਵਿਚ ਗੁਰੂ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਪ੍ਰਤਾਪ ਸਿੰਘ, ਰਜਿੰਦਰ ਸਿੰਘ, ਪ੍ਰੋ. ਇਕਬਾਲ ਸਿੰਘ, ਅਮਰੀਕ ਸਿੰਘ, ਜਤਵਿੰਦਰਪਾਲ ਸਿੰਘ, ਅਮਰਜੀਤ ਸਿੰਘ ਉਬਰਾਏ, ਇਕਬਾਲ ਸਿੰਘ ਛਾਬੜਾ ਆਦਿ ਹਾਜ਼ਰ ਸਨ |