ਅੰਮਿ੍ਤਸਰ, 18 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਜ਼ਿਲ੍ਹਾ ਸਵਰਨਕਾਰ ਸੰਘ ਪੰਜਾਬ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕਾਲੇਸ਼ਾਹ ਦੀ ਅਗਵਾਈ ਹੇਠ ਗੁਰੂ ਬਾਜ਼ਾਰ ਵਿਖੇ ਹੋਈ | ਮੀਟਿੰਗ ਪੰਜਾਬ ਦੇ ਪ੍ਰਧਾਨ ਅਸ਼ਵਨੀ ਨਾਮੇਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਸਵਰਨਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਅਸ਼ਵਨੀ ਨਾਮੇਸ਼ਾਹ ਨੇ ਕਿਹਾ ਕਿ ਸਵਰਨਕਾਰਾਂ ਦਾ ਸੋਨਾ ਅਤੇ ਚਾਂਦੀ ਲੈ ਕੇ ਭੱਜਣ ਵਾਲੇ ਕਾਰੀਗਰਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਨ੍ਹਾਂ ਖ਼ਿਲਾਫ਼ ਪੁਲਿਸ ਨੇ ਅੱਜ ਤੱਕ ਇਕ ਵੀ ਮਾਮਲਾ ਦਰਜ ਨਹੀਂ ਕੀਤਾ ਹੈ | ਕੇਸ ਦਰਜ ਕਰਨ ਦੀ ਬਜਾਏ, ਉਨ੍ਹਾਂ ਨੇ ਸਿਰਫ਼ ਰਸਮੀ ਜਾਂਚ ਕੀਤੀ ਹੈ | ਕਾਰੀਗਰਾਂ ਦੁਆਰਾ ਦਿੱਤੇ ਗਏ ਆਧਾਰ ਕਾਰਡਾਂ 'ਤੇ ਵੀ ਇਨ੍ਹਾਂ ਧੋਖੇਬਾਜ਼ ਕਾਰੀਗਰਾਂ ਦਾ ਪਤਾ ਨਹੀਂ ਲੱਗ ਸਕਿਆ | ਕੁਝ ਕਾਰੀਗਰਾਂ ਨੇ ਨਕਲੀ ਆਧਾਰ ਕਾਰਡ ਪ੍ਰਦਾਨ ਕੀਤੇ ਹਨ ਅਤੇ ਕੁਝ ਤਾਂ ਆਪਣੇ ਜੱਦੀ ਪਿੰਡਾਂ ਤੋਂ ਵੀ ਫਰਾਰ ਹੋ ਗਏ ਹਨ, ਜਿਸਦਾ ਆਰਥਿਕ ਨੁਕਸਾਨ ਸਵਰਨਕਾਰਾਂ ਨੂੰ ਭੁਗਤਨਾ ਪੈ ਰਿਹਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਗਲੇ 10 ਦਿਨਾਂ ਦੇ ਅੰਦਰ ਭੱਜਣ ਵਾਲੇ ਕਾਰੀਗਰਾਂ ਵਿਰੁੱਧ ਕੇਸ ਦਰਜ ਨਹੀਂ ਕਰਦੇ ਹਨ ਤਾਂ ਸਵਰਨਕਾਰਾਂ ਨੂੰ ਮਜ਼ਬੂਰਨ ਸੜਕਾਂ 'ਤੇ ਉਤਰਨਾ ਪਵੇਗਾ | ਇਸ ਮੌਕੇ ਮਨਦੀਪ ਸਿੰਘ, ਕੁਲਜੀਤ ਸਿੰਘ ਧੁੰਨਾ, ਗੌਰਵ ਮਹਿਤਾ, ਅਸ਼ਵਨੀ ਮਹਿਤਾ, ਦਵਿੰਦਰ ਕੁਮਾਰ, ਵਿਸ਼ਾਲ ਸਹਿਦੇਵ, ਸ਼ਿਵਰਾਜ ਸਿੰਘ, ਮੇਹਰਬਾਨ ਸਿੰਘ ਆਦਿ ਮੌਜੂਦ ਸਨ |
ਸੋਨਾ-ਚਾਂਦੀ ਲੈ ਕੇ ਭੱਜਣ ਵਾਲੇ ਕਾਰੀਗਰਾਂ ਵਿਰੁੱਧ ਪੁਲਿਸ ਕੇਸ ਦਰਜ ਕਰੇ : ਅਸ਼ਵਨੀ ਨਾਮੇਸ਼ਾਹ
ਅਜੀਤ ਡੈਸਕ
19-11-2025