ਅੰਮਿ੍ਤਸਰ, 7 ਨਵੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਤਹਿਤ ਇਥੇ ਇਕ ਹੋਰ ਵਾਰਦਾਤ ਵਾਪਰੀ ਹੈ ਜਦੋਂ ਕਿ ਇਕ ਔਰਤ ਜੋ ਆਪਣੀ ਭੈਣ ਨਾਲ ਬਾਜ਼ਾਰ 'ਚ ਜਾ ਰਹੀ ਸੀ ਦੇ ਗਲ੍ਹੇ 'ਚ ਪਹਿਨੀ ਹੋਈ ਸੋਨੇ ਦੀ ਚੈਨ ਲੋਕਟ ਤੇ ਮੰਗਲਸੂਤਰ ਖੋਹ ਕੇ ਮੋਟਰਸਾਈਕਲ ਸਵਾਰ 2 ਲੁਟੇਰੇ ਫਰਾਰ ਹੋ ਗਏ | ਇਹ ਘਟਨਾ ਇਥੇ ਬੋਹੜ ਵਾਲਾ ਸ਼ਿਵਾਲਾ ਮੋੜ ਬਟਾਲਾ ਰੋਡ ਦੀ ਹੈ | ਜਿਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਸ੍ਰੀਮਤੀ ਲਵੀਨਾ ਵਾਸੀ ਬਟਾਲਾ ਰੋਡ ਜਵਾਹਰ ਨਗਰ ਨੇ ਦੱਸਿਆ ਕਿ ਉਹ ਆਪਣੀ ਭੈਣ ਨਿਤਿਕਾ ਨਾਲ ਐਕਟਿਵਾ ਸਕੂਟਰੀ 'ਤੇ ਸਵਾਰ ਹੇ ਕੇ ਜਾ ਰਹੀ ਸੀ ਇਹ ਘਟਨਾ ਬੀਤੀ ਸ਼ਾਮ ਕਰੀਬ 8 ਵਜੇ ਦੀ ਹੈ ਉਸਦੀ ਭੈਣ ਐਕਟਿਵਾ ਸਕੂਟਰੀ ਚਲਾ ਰਹੀ ਸੀ ਤੇ ਉਹ ਆਪਣੀ ਛੋਟੀ ਬੱਚੀ ਨੂੰ ਲੈ ਕੇ ਪਿੱਛੇ ਬੈਠੀ ਸੀ | ਜਦੋਂ ਉਹ ਬੋਹੜ ਵਾਲਾ ਸ਼ਿਵਾਲਾ ਨੇੜੇ ਪੁੱਜੇ ਤਾਂ ਇਕ ਕਾਲੇ ਨੀਲੇ ਰੰਗ ਦੇ ਮੋਟਰਸਾਈਕਲ ਸਪਲੈਂਡਰ 'ਤੇ ਸਵਾਰ ਦੋ ਨੌਜਵਾਨ ਆਏ ਤੇ ਇਕ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਉਤਰ ਗਿਆ ਤੇ ਉਸਦੇ ਐਕਟਿਵਾ ਸਕੂਟਰੀ ਦੇ ਪਿਛੇ ਬੈਠੀ ਦੇ ਗਲ 'ਚ ਪਾਈ ਹੋਈ ਸੋਨੇ ਦੀ ਚੈਨ ਲੋਕਟ ਸਮੇਤ ਮੰਗਲਸੂਤਰ ਖੋਹ ਕੇ ਝਪਟਾ ਮਾਰ ਕੇ ਦੂਜੇ ਸਾਥੀ ਨਾਲ ਫਰਾਰ ਹੋ ਗਏ | ਉਨ੍ਹਾਂ ਦੋਵਾਂ ਭੈਣਾ ਨੇ ਕਾਫੀ ਰੌਲਾ ਪਾਇਆ ਪਰ ਉਹ ਦੋਵੇਂ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਫਰਾਰ ਹੋ ਗਏ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |