ਹਲਕਾ ਉੱਤਰੀ 'ਚ ਅਕਸ਼ੈ ਸ਼ਰਮਾ ਨੇ 'ਪਿੰਡ ਦੀ ਗੱਲ' ਪ੍ਰੋਗਰਾਮ ਕਰਵਾਇਆ ਤਰਨਜੀਤ ਸੰਧੂ ਨਾਲ ਮਿਲ ਕੇ ਸੁਣੀਆਂ ਦਸਮੇਸ਼ ਐਵੇਨਿਊ ਪੰਚਾਇਤ ਦੀਆਂ ਮੁਸ਼ਕਿਲਾਂ
ਅਜੀਤ ਡੈਸਕ
08-11-2025
ਜਨ ਸੰਵਾਦ ਦੌਰਾਨ ਲੋਕਾਂ ਨੇ ਬਿਜਲੀ, ਪਾਣੀ, ਸੜਕਾਂ ਦੀ ਹਾਲਤ, ਸਫਾਈ ਪ੍ਰਬੰਧ, ਸਿੱਖਿਆ ਅਤੇ ਰੋਜ਼ਗਾਰ ਵਰਗੀਆਂ ਆਮ ਜਨ ਸਮੱਸਿਆਵਾਂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ | ਮੌਜੂਦ ਲੋਕਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਿਸ ਕਾਰਨ ਹਲਕੇ ਦੇ ਵਿਕਾਸ ਦੀ ਰਫ਼ਤਾਰ ਬੰਦ ਪਈ ਹੈ | ਸਮਾਗਮ 'ਚ ਸੰਬੋਧਨ ਕਰਦੇ ਹੋਏ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਮਕਸਦ ਹਰ ਵਰਗ ਤੱਕ ਵਿਕਾਸ ਪਹੁੰਚਾਉਣਾ ਹੈ ਤੇ ਇਲਾਕੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਪਹਿਲ ਦੇਣਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਤਾਂ ਜੋ ਉਹ ਆਤਮਨਿਰਭਰ ਬਣ ਸਕਣ ਅਤੇ ਆਪਣੇ ਭਵਿੱਖ ਨੂੰ ਮਜ਼ਬੂਤ ਦਿਸ਼ਾ ਦੇ ਸਕਣ |ਸੰਧੂ ਨੇ ਕਿਹਾ ਕਿ ਅੱਜ ਲੋਕਾਂ ਦੀ ਸਭ ਤੋਂ ਵੱਡੀ ਉਮੀਦ ਨਸ਼ਾ-ਮੁਕਤ ਸਮਾਜ, ਸਾਫ਼-ਸੁਥਰਾ ਮਾਹੌਲ, ਵਧੀਆ ਸਿੱਖਿਆ ਅਤੇ ਰੋਜ਼ਗਾਰ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਸਾਰੇ ਮੁੱਦਿਆਂ 'ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ ਅਤੇ ਇਹ ਮੁੱਦੇ ਭਾਜਪਾ ਦੇ ਸੀਨੀਅਰ ਆਗੂਆਂ ਅੱਗੇ ਰੱਖ ਕੇ ਠੋਸ ਕਦਮ ਚੁੱਕੇ ਜਾਣਗੇ | ਇਸ ਮੌਕੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਆਪਣੇ ਹਲਕੇ ਦੀਆਂ ਪੰਚਾਇਤਾਂ ਨਾਲ ਜੁੜੇ ਹੋਏ ਹਨ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਕੁਝ ਸਮੱਸਿਆਵਾਂ ਐਸੀਆਂ ਹਨ ਜਿਨ੍ਹਾਂ ਦੇ ਹੱਲ ਲਈ ਕੇਂਦਰ ਸਰਕਾਰ ਦੀ ਸਹਾਇਤਾ ਲਾਜ਼ਮੀ ਹੈ, ਇਸ ਲਈ ਉਨ੍ਹਾਂ ਨੇ ਉਹ ਮੁੱਦੇ ਤਰਨਜੀਤ ਸੰਧੂ ਦੇ ਸਾਹਮਣੇ ਰੱਖੇ ਹਨ | ਅਕਸ਼ੈ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਮਕਸਦ ਸਿਰਫ਼ ਰਾਜਨੀਤੀ ਨਹੀਂ, ਸੇਵਾ ਹੈ | ਉਹ ਚਾਹੁੰਦੇ ਹਨ ਕਿ ਹਲਕੇ ਦਾ ਹਰ ਨਾਗਰਿਕ ਬੁਨਿਆਦੀ ਸੁਵਿਧਾਵਾਂ ਨਾਲ ਜੁੜੇ | ਇਸ ਦੌਰਾਨ ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਜਪਾ ਆਗੂ ਪੱਪੂ ਮਹਾਜਨ, ਸਵੀਤਾ ਸਹੋਤਾ ਵੀ ਮੌਜੂਦ ਸਨ |