ਅੰਮਿ੍ਤਸਰ, 5 ਨਵੰਬਰ (ਰੇਸ਼ਮ ਸਿੰਘ)-ਸ੍ਰੀਮਤੀ ਜਤਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਅੱਜ ਕੇਂਦਰੀ ਜੇਲ੍ਹ ਫਤਾਹਪੁਰ ਦਾ ਅਚਾਨਕ ਨਿਰੀਖਣ ਕੀਤਾ ਗਿਆ | ਇਸ ਨਿਰੀਖਣ ਦੌਰਾਨ ਉਨ੍ਹਾਂ ਨਾਲ ਅਮਰਦੀਪ ਸਿੰਘ ਬੈਂਸ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਹਾਜ਼ਰ ਸਨ | ਸ੍ਰੀਮਤੀ ਕੌਰ ਵਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਤੌਰ 'ਤੇ ਚਾਰਜ ਸੰਭਾਲਣ ਤੋਂ ਬਾਅਦ ਪਹਿਲਾ ਜੇਲ੍ਹ ਦੌਰਾ ਸੀ, ਜਿਸ ਦਾ ਉਦੇਸ਼ ਜੇਲ੍ਹ 'ਚ ਕੈਦੀਆਂ ਦੀ ਭਲਾਈ, ਸਫਾਈ ਪ੍ਰਬੰਧ, ਸਿਹਤ ਸੇਵਾਵਾਂ, ਖੁਰਾਕ ਦੀ ਗੁਣਵੱਤਾ ਅਤੇ ਕਾਨੂੰਨੀ ਸਹਾਇਤਾ ਦੇ ਪ੍ਰਬੰਧਾਂ 'ਤੇ ਖਾਸ ਧਿਆਨ ਦਿੱਤਾ ਗਿਆ | ਜੱਜ ਨੇ ਨਿਆਂਇਕ ਅਧਿਕਾਰੀਆਂ ਅਤੇ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਪੁਰਸ਼ ਅਤੇ ਮਹਿਲਾ ਬੈਰਕਾਂ, ਜੇਲ੍ਹ ਹਸਪਤਾਲ, ਰਸੋਈ (ਲੰਗਰ), ਜੇਲ੍ਹ ਫੈਕਟਰੀ ਅਤੇ ਜੇਲ੍ਹ ਕਾਨੂੰਨੀ ਸਹਾਇਤਾ ਕਲੀਨਿਕ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਕੈਦੀਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮਾਨਵਤਾ-ਪੂਰਨ ਵਿਹਾਰ ਤੇ ਕਾਨੂੰਨੀ ਸਾਖਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕੈਦੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਉਪਲਬੱਧਤਾ ਬਾਰੇ ਜਾਣੂੰ ਕਰਵਾਇਆ ਗਿਆ, ਜਿਵੇਂ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ-1987 ਵਿਚ ਉਲੇਖਿਤ ਹੈ | ਉਨ੍ਹਾਂ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਸੁਵਿਧਾਵਾਂ ਵਿਚ ਸੁਧਾਰ ਕਰੇ ਅਤੇ ਕੈਦੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਦੀ ਪੂਰੀ ਪਾਲਣਾ ਯਕੀਨੀ ਬਣਾਏ | ਉਨ੍ਹਾਂ ਜੇਲ੍ਹ 'ਚ ਖਾਣੇ ਦਾ ਸੁਆਦ ਵੀ ਚਖਿਆ ਤੇ ਜੇਲ੍ਹ ਹਸਪਤਾਲ ਦੀ ਵੀ ਜਾਂਚ ਕੀਤੀ ਗਈ ਅਤੇ ਮਰੀਜ਼ ਕੈਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਜੇਲ੍ਹ ਡਾਕਟਰਾਂ ਨਾਲ ਉਠਾਈਆਂ ਗਈਆਂ | ਟਿਊਬਰਕੁਲੋਸਿਸ (ਟੀ.ਬੀ.) ਨਾਲ ਪੀੜਤ ਕੈਦੀਆਂ ਦੇ ਮਾਮਲੇ ਨੂੰ ਵਿਸ਼ੇਸ਼ ਤੌਰ 'ਤੇ ਉਠਾਇਆ ਗਿਆ ਅਤੇ ਜੇਲ੍ਹ ਸੁਪਰਡੈਂਟ ਅਤੇ ਡਾਕਟਰਾਂ ਨੂੰ ਤੁਰੰਤ ਇਲਾਜ, ਦਵਾਈਆਂ ਅਤੇ ਸਿਹਤਮੰਦ ਵਾਤਾਵਰਨ ਪ੍ਰਦਾਨ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ |
ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ <br/>
ਅਜੀਤ ਡੈਸਕ
06-11-2025