26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਤਿਉਹਾਰਾਂ ਦੇ ਸੀਜ਼ਨ 'ਚ ਸੜਕਾਂ 'ਤੇ ਲਗਾਤਾਰ ਵਧਦਾ ਜਾ ਰਿਹਾ ਹੈ ਕੂੜਾ <br/>

ਸਥਾਨਕ ਗੋਲਡਨ ਐਵੀਨਿਊ ਵਿਖੇ ਵੱਖ-ਵੱਖ ਜਗ੍ਹਾ 'ਤੇ ਲੱਗੇ ਕੂੜੇ ਦੇ ਢੇਰ | ਤਸਵੀਰਾਂ : ਹਰਜੀਤ ਸਿੰਘ <br/> 26-09-2025
ਅੰਮਿ੍ਤਸਰ, 25 ਸਤੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਦੀ ਸਫ਼ਾਈ ਦੀ ਹਾਲਤ ਦਿਨ ਪ੍ਰਤੀ ਦਿਨ ਮੰਦੀ ਹੁੰਦੀ ਜਾ ਰਹੀ ਹੈ | ਤਿਉਹਾਰਾਂ ਦੇ ਸੀਜ਼ਨ 'ਚ ਸੜਕਾਂ ਕਿਨਾਰੇ ਕੂੜਾ ਲਗਾਤਾਰ ਵਧਦਾ ਜਾ ਰਿਹਾ ਹੈ | ਦੂਸਰੇ ਪਾਸੇ ਨਗਰ ਨਿਗਮ ਵਲੋਂ ਕੂੜੇ ਦੀ ਚੁਕਾਈ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤਾ ਜਾ ਰਹੇ ਹਨ | ਕੂੜੇ ਦੀ ਚੁਕਾਈ ਲਈ ਲਗਾਏ ਗਏ ਨਵੇਂ ਟੈਂਡਰਾਂ ਦੀਆਂ ਫਾਈਲਾਂ ਇਸ ਵੇਲੇ ਪੜਤਾਲ ਲਈ ਚੰਡੀਗੜ੍ਹ ਅੜੀਆਂ ਹੋਈਆਂ ਹਨ | ਚੰਡੀਗੜ੍ਹ ਤੋਂ ਹੋ ਰਹੀ ਦੇਰੀ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਸ਼ਹਿਰ ਦੀ ਸਫ਼ਾਈ ਦਾ ਕੰਮ ਨਗਰ ਨਿਗਮ ਵਲੋਂ ਨਵੀਂ ਕੰਪਨੀ ਨੂੰ ਦੇਣ ਲਈ ਸ਼ਹਿਰ ਦੀਆਂ ਕੁਲ 85 ਵਾਰਡਾਂ ਦੇ ਦੋ ਵੱਖ ਵੱਖ ਟੈਂਡਰ ਲਗਾਏ ਗਏ ਹਨ ਜਿਸ ਦੇ ਤਹਿਤ ਸ਼ਹਿਰ ਦੀਆਂ 41 ਵਾਰਡਾਂ ਅਤੇ 44 ਵਾਰਡਾਂ ਦੇ ਲਗਾਏ ਟੈਂਡਰਾਂ ਦੀ ਟੈਕਨੀਕਲ ਵੈਲੂਏਸ਼ਨ ਹੋ ਗਈ ਹੈ ਅਤੇ ਇਸ ਦੀਆਂ ਫਾਈਲਾਂ ਦੀ ਪੜਤਾਲ ਲਈ ਚੰਡੀਗੜ੍ਹ ਭੇਜੀਆਂ ਗਈਆਂ ਅਤੇ ਇਹ ਫਾਈਲਾਂ ਚੰਡੀਗੜ੍ਹ ਅੜੀਆਂ ਹੋਈਆਂ ਹਨ | ਇਸ ਤੋਂ ਬਾਅਦ ਵੀ ਕੁਝ ਹੋਰ ਪੜਾਵਾਂ ਜਿਨ੍ਹਾਂ 'ਚ ਫਾਇਨਾਸ਼ਲ ਬਿੱਡ, ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਦੀ ਪ੍ਰਵਾਨਗੀ ਤੋਂ ਬਾਅਦ ਕੰਪਨੀ ਨੂੰ ਵਰਕ ਆਰਡਰ ਹੋਵੇਗਾ | ਜਿਸ ਤੋਂ ਬਾਅਦ ਹੀ ਕੰਪਨੀ ਵਲੋਂ ਆਪਣੀ ਮਸ਼ੀਨਰੀ ਲਗਾ ਕੇ ਸ਼ਹਿਰ ਦੀ ਸਫ਼ਾਈ ਕਰਵਾਈ ਜਾਵੇ | ਇਹ ਸਾਰੀ ਪ੍ਰਕਿ੍ਆ ਮੁਕੰਮਲ ਹੋਣ 'ਚ ਕੁਝ ਦਿਨ ਲੱਗ ਸਕਦੇ ਹਨ | ਜਿਸ ਰਫ਼ਤਾਰ ਨਾਲ ਟੈਂਡਰ ਪ੍ਰਕਿ੍ਆ ਚੱਲ ਰਹੀ ਹੈ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਫ਼ਾਈ ਦਾ ਨਵੇਂ ਸਿਰੇ ਤੋਂ ਕੰਮ ਸ਼ਾਇਦ ਤਿਉਹਾਰਾਂ ਤੋਂ ਬਾਅਦ ਹੀ ਸ਼ੁਰੂ ਹੋਵੇਗਾ | ਇਸ ਵੇਲੇ ਸ਼ਹਿਰ ਦੀ ਸਫ਼ਾਈ ਪੱਖੋਂ ਹਾਲਤ ਦਿਨ ਪ੍ਰਤੀ ਵਿਗੜਦੀ ਜਾ ਰਹੀ ਹੈ | ਸ਼ਹਿਰ ਦੀ ਵਿਗੜੀ ਸਫ਼ਾਈ ਵਿਵਸਥਾ ਨੂੰ ਲੈ ਕੇ ਕੁਝ ਵਿਰੋਧੀ ਪਾਰਟੀ ਕਾਂਗਰਸ ਦੇ ਕੌਂਸਲਰਾਂ ਵਲੋਂ ਨਿਗਮ ਦਫ਼ਤਰ 'ਚ ਧਰਨਾ ਦਿੱਤਾ ਗਿਆ ਸੀ ਅਤੇ ਭਾਜਪਾ ਵਲੋਂ ਆਪਣੇ ਤੌਰ ਤੇ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸ਼ਹਿਰ ਦੀ ਸਫ਼ਾਈ 'ਚ ਸੁਧਾਰ ਲਿਆਉਣ ਦੀ ਮੰਗ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਸ਼ਹਿਰ ਦੀ ਸਫ਼ਾਈ 'ਚ ਸੁਧਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ | ਇਸ ਵੇਲੇ ਅੰਮਿ੍ਤਸਰ 'ਚ ਵਿਸ਼ਵ ਦਾ ਪਹਿਲਾ ਲੰਗੂਰ ਮੇਲਾ ਇੱਥੇ ਸ੍ਰੀ ਦੁਰਗਿਆਣਾ ਤੀਰਥ ਵਿਖੇ ਚੱਲ ਰਿਹਾ ਹੈ | ਜਿਸ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਿਰਕਤ ਕਰਨ ਲਈ ਆ ਰਹੇ ਹਨ ਅਤੇ ਅਗਲੇ ਦਿਨਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਗੁਰਪੁਰਬ, ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ, ਦੁਸਹਿਰਾ ਅਤੇ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ | ਨਗਰ ਨਿਗਮ ਵਲੋਂ ਸਫ਼ਾਈ ਵਿਵਸਥਾ 'ਚ ਦਿਨ ਪ੍ਰਤੀ ਦਿਨ ਸੁਧਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਕੂੜੇ ਦੀ ਚੁਕਾਈ ਲਈ ਸ਼ਹਿਰ 'ਚ 140 ਦੇ ਕਰੀਬ ਟਰਾਲੀਆਂ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ |
ਦੂਸਰੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲੇ ਨੇ ਕਿਹਾ ਕਿ ਨਿਗਮ ਵਲੋਂ ਸ਼ਹਿਰ 'ਚ ਕੂੜੇ ਦੀ ਚੁਕਾਈ ਲਈ 140 ਟਰਾਲੀਆਂ ਲਗਾਉਣ ਦਾ ਦਾਅਵਾ ਝੂਠਾ ਅਤੇ ਤੱਥਾਂ ਤੋਂ ਕੋਹਾਂ ਦੂਰ ਹੈ | ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ 'ਚ 140 ਟਰਾਲੀਆਂ ਕੂੜਾ ਚੁੱਕਦੀਆਂ ਹੁੰਦੀਆਂ ਤਾਂ ਹਰ ਵਾਰਡ 'ਚ ਦੋ ਟਰਾਲੀਆਂ ਹਿੱਸੇ ਆਉਂਦੀਆਂ | ਕੌਂਸਲਰ ਟਰੱਕਾਂ ਵਾਲੇ ਨੇ ਕਿਹਾ ਕਿ ਉਨ੍ਹਾਂ ਸਮੇਤ ਬਹੁਤ ਸਾਰੇ ਕੌਂਸਲਰਾਂ ਦੀਆਂ ਵਾਰਡਾਂ 'ਚ ਇਕ ਵੀ ਟਰਾਲੀ ਕੂੜਾ ਚੁੱਕਣ ਲਈ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਜੋ 140 ਟਰਾਲੀਆਂ ਬਾਰੇ ਗੱਲ ਕੀਤੀ ਜਾ ਰਹੀ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ |

ਪਿਛਲੀ ਖ਼ਬਰ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਵਿਰਾਸਤੀ ਮਾਰਗ 'ਚ ਲਗਾਇਆ ਗਿਆ 'ਦਵਾਈ ਲੰਗਰ' <br/> ਅਗਲੀ ਖ਼ਬਰ ਭਿਆਨਕ ਹੜ੍ਹਾਂ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੁੱਖ ਮੰਤਰੀ ਮਾਨ ਨਾਲ ਵਿਸ਼ੇਸ਼ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।