ਅੰਮਿ੍ਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ 'ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰਾਵੀ ਦਰਿਆ 'ਚ ਆਏ ਹੜ੍ਹ ਦੇ ਪਾਣੀ ਨੂੰ ਕੱਢਣ ਲਈ ਅੱਜ ਲਗਭਗ 300 ਕਰਮਚਾਰੀਆਂ ਨੇ ਵਰ੍ਹਦੇ ਮੀਂਹ 'ਚ ਗੁਰਦੁਆਰਾ ਸਾਹਿਬ ਦੇ ਵਿਸ਼ਾਲ ਬਰਾਮਦੇ ਅਤੇ ਪਰਿਕਰਮਾ ਦੀ ਸਫ਼ਾਈ ਕੀਤੀ | ਹਾਲਾਂਕਿ, ਕਰਮਚਾਰੀਆਂ ਨੂੰ ਮਿੱਟੀ ਦੀ ਗਾਰ ਕਾਰਨ ਭਿ੍ਸ਼ਟੇ ਫ਼ਰਸ਼ ਦੀ ਸਾਫ਼ ਸਫ਼ਾਈ ਕਰਨ 'ਚ ਭਾਰੀ ਮਿਹਨਤ ਕਰਨੀ ਪਈ ਹੈ | ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਡਿਪਟੀ ਸਕੱਤਰ (ਪ੍ਰਬੰਧਨ) ਸੈਫ਼ੁੱਲਾ ਖੋਖਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ 'ਅਜੀਤ' ਨਾਲ ਤਾਜ਼ਾ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿੱਟੀ ਦੀ ਗਾਰ ਨਾਲ ਭਿ੍ਸ਼ਟ ਚੁਕੇ ਫ਼ਰਸ਼, ਕੰਧਾਂ ਅਤੇ ਹੋਰਨਾਂ ਭਵਨਾਂ ਦੀ ਸਫ਼ਾਈ ਨੂੰ ਮੁਕੰਮਲ ਕਰਨ 'ਚ ਅਜੇ 2-3 ਦਿਨ ਹੋਰ ਲੱਗ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਲਗਭਗ 875 ਏਕੜ 'ਚ ਉਸਾਰੇ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾ 'ਚ ਬੀਤੇ ਦਿਨੀਂ ਆਏ ਭਿਆਨਕ ਹੜ੍ਹ ਦਾ ਪਾਣੀ ਮਸ਼ੀਨਾਂ ਰਾਹੀਂ ਪੂਰੀ ਤਰ੍ਹਾਂ ਨਾਲ ਕੱਢ ਲਿਆ ਗਿਆ ਹੈ | ਸਫ਼ਾਈ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ 'ਚ ਮੌਜੂਦ ਮਜ਼ਾਰ ਸਾਹਿਬ ਅਤੇ ਸਮਾਧ ਦੀਆਂ ਗੋਲਕਾਂ 'ਚ ਪਈ ਚੜ੍ਹਾਵੇ ਦੀ ਰਕਮ ਵੀ ਕੱਢੀ ਜਾਵੇਗੀ, ਜੋ ਕਿ ਹੜ੍ਹ ਦੇ ਗੰਧਲੇ ਪਾਣੀ ਨਾਲ ਗਲ ਚੁਕੀ ਹੈ | ਇਸ ਤੋਂ ਇਲਾਵਾ ਹੜ੍ਹ ਦੇ ਪਾਣੀ ਨਾਲ ਮਹਿਮਾਨਖਾਨਿਆਂ ਅਤੇ ਦਫ਼ਤਰਾਂ ਦੇ ਫ਼ਰਨੀਚਰ ਅਤੇ ਆਰਟ ਗੈਲਰੀ ਦੀਆਂ ਨੁਕਸਾਨੀਆਂ ਗਈਆਂ ਪੈਂਟੀਂਗਜ਼ ਆਦਿ ਦੀ ਮੁਰੰਮਤ ਅਤੇ ਸਾਫ਼-ਸਫ਼ਾਈ ਵੀ ਕਰਵਾਈ ਜਾਵੇਗੀ | ਹਾਲਾਂਕਿ, 50 ਹਜ਼ਾਰ ਕੰਬਲ, ਚਾਦਰਾਂ, ਸਿਰਹਾਣੇ ਅਤੇ ਲੰਗਰ ਦੀ ਰਸਦ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਸਥਾਪਿਤ ਭਾਈ ਅਜੀਤਾ ਬਾਜ਼ਾਰ ਵਿਚ ਸਥਾਪਿਤ ਭਾਈ ਮਰਦਾਨਾ ਦਾ ਬੁੱਤ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਜਿਸ ਦੀ ਜਲਦੀ ਮੁਰੰਮਤ ਕਰਵਾਈ ਜਾਵੇਗੀ | ਖੋਖਰ ਨੇ ਦੱਸਿਆ ਕਿ ਪੀ. ਐੱਸ. ਜੀ. ਪੀ. ਸੀ. ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਕੱਲ੍ਹ 1 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਵੀ ਮਨਾਇਆ ਜਾ ਰਿਹਾ ਹੈ |