ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਪਿਛਲੇ ਦਿਨੀ ਮੀਟਿੰਗ ਕਰਕੇ ਸੈਨੇਟਰੀ ਵਿਭਾਗ ਨੂੰ ਸ਼ਹਿਰ 'ਚ ਖਾਲੀ ਪਏ ਪਲਾਟਾਂ 'ਚ ਕੂੜਾ ਅਤੇ ਗੰਦਗੀ ਦੇ ਫੈਲੇ ਹੋਣ 'ਤੇ ਪਲਾਟ ਮਾਲਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਹਿੱਤ ਵਿਭਾਗ ਵਲੋਂ ਉਨ੍ਹਾਂ ਵਿੱਰੁਧ ਚਲਾਨ ਕਟਣ ਤੇ ਜੁਰਮਾਨੇ ਪਾਉਣ ਦੀਆਂ ਹਦਾਇਤਾਂ ਕੀਤੀਆਂ ਸਨ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਵਿਅਕਤੀਆਂ ਦੀ ਮਾਲਕੀ, ਕਬਜੇ ਅਧੀਨ ਖਾਲੀ ਪਏ ਪਲਾਟਾਂ 'ਚ ਕੂੜਾ, ਗੰਦਗੀ ਅਤੇ ਗੰਦਾ ਪਾਣੀ ਇਕਠਾ ਹੁੰਦਾ ਰਹਿੰਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨਦਾਇਕ ਜੀਵ ਜੰਤੂ ਪੈਦਾ ਹੁੰਦੇ ਹਨ ਜੋ ਕਈ ਬਿਮਾਰੀਆਂ ਫ਼ੈਲਾਉਂਦੇ ਹਨ | ਇਸ ਤਰ੍ਹਾਂ ਇਹ ਬਿਮਾਰੀਆਂ ਸ਼ਹਿਰ ਵਾਸੀਆਂ ਦੀ ਸਿਹਤ ਲਈ ਇਕ ਗੰਭੀਰ ਅਤੇ ਜਾਨਲੇਵਾ ਖਤਰਾ ਹੈ | ਅਜਿਹੀ ਸਥਿਤੀ 'ਚ ਇਨ੍ਹਾਂ ਬਿਮਾਰੀਆਂ ਨੂੰ ਫ਼ੈਲਣ ਤੋਂ ਰੋਕਣ ਲਈ ਖਾਲੀ ਪਏ ਪਲਾਟਾਂ ਦੀ ਸਾਫ-ਸਫਾਈ ਹੋਣੀ ਜਰੂਰੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਡਿਪਟੀ ਕਮਿਸ਼ਨਰ ਅੰਮਿ੍ਤਸਰ ਵਲੋਂ ਵੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਧੀਨ ਅੰਮਿ੍ਤਸਰ ਦੀ ਹਦੂਦ 'ਚ ਨਿੱਜੀ ਕਬਜੇ, ਮਾਲਕੀ ਵਾਲੇ ਖਾਲੀ ਪਏ ਪਲਾਟਾਂ 'ਚ ਕੂੜੇ, ਗੰਦਗੀ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਨਗਰ ਨਿਗਮ ਨੂੰ ਅੰਮਿ੍ਤਸਰ ਨੂੰ ਢੁੱਕਵੇਂ ਉਪਰਾਲੇ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਪਲਾਟ ਮਾਲਕਾਂ ਵਿਰੁੱਧ ਜਨਤਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਸਿਟੇ ਵਜੋਂ ਨਿਯਮਾਂ ਤਹਿਤ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਜਾਣ ਅਤੇ ਜੇਕਰ ਇਨ੍ਹਾਂ ਪਲਾਟਾਂ ਦੀ ਸਾਫ-ਸਫਾਈ ਨਗਰ ਨਿਗਮ ਵਲੋਂ ਕੀਤੀ ਜਾਂਦੀ ਹੈ ਤਾ ਸਾਫ-ਸਫਾਈ 'ਤੇ ਹੋਣ ਵਾਲੇ ਖਰਚੇ ਦੀ ਵਸੂਲੀ ਪਲਾਟ 'ਤੇ ਕਾਬਜ, ਮਾਲਕ ਪਾਸੋਂ ਕੀਤੀ ਜਾਵੇ | ਵਧੀਕ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਅਫਸਰ ਡਾ: ਯੋਗੇਸ਼ ਅਰੋੜਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਨਿਗਮ ਵਲੋਂ ਖਾਲੀ ਪਲਾਟ ਮਾਲਕਾਂ, ਜਿਨ੍ਹਾਂ ਦੇ ਪਲਾਟਾਂ ਵਿਚੋਂ ਨਿਗਮ ਨੇ ਆਪਣੀ ਮਸ਼ੀਨਰੀ ਅਤੇ ਮੈਨ ਪਾਵਰ ਲਗਾ ਕੇ ਸਫਾਈ ਕਰਵਾਈ ਹੈ, ਇਸ ਕੰਮ 'ਤੇ ਆਏ ਖਰਚੇ ਦੀ ਭਰਪਾਈ ਕਰਨ ਲਈ ਬਿੱਲ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਦੇ ਤਹਿਤ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਇਕ ਆਟੋ-ਮੋਬਾਈਲ ਏਜੰਸੀ ਦੇ ਮਾਲਕ ਨੂੰ 16,832 ਰੁਪਏ ਦਾ ਬਿੱਲ ਭੇਜਿਆ ਗਿਆ ਹੈ | ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕੀ ਜਿਨ੍ਹਾਂ ਸ਼ਹਿਰਵਾਸੀਆਂ ਦੇ ਪਲਾਟਾਂ 'ਚ ਕੂੜਾ ਜਾ ਗੰਦਗੀ ਹੈ, ਉਸ ਦੀ ਸਫਾਈ ਖੁਦ ਕਰਵਾ ਦੇਣ ਨਹੀਂ ਤਾਂ ਨਗਰ ਨਿਗਮ ਵਲੋਂ ਇਸੇ ਤਰ੍ਹਾਂ ਹੀ ਚਲਾਨ ਅਤੇ ਨੋਟਿਸ ਜਾਰੀ ਹੁੰਦੇ ਰਹਿਣਗੇ ਅਤੇ ਸਫਾਈ ਕਰਵਾ ਕੇ ਬਿੱਲ ਸੌਂਪੇ ਜਾਣਗੇ |