ਅੰਮਿ੍ਤਸਰ, 21 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ ਗਈ | ਕਾਲਜ ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਸਮੇਤ ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਨੇ ਹਵਨ ਵਿਚ ਅਹੂਤੀ ਦੇਕੇ ਮੰਤਰਾਂ ਦਾ ਜਾਪ ਵੀ ਕੀਤਾ | ਪਿ੍ੰਸੀਪਲ ਨੇ ਯੱਗ 'ਚ ਵਿਸ਼ਵ ਲਈ ਸ਼ਾਂਤੀ ਅਤੇ ਸਦਭਾਵਨਾ ਦੀ ਕਾਮਨਾ ਕੀਤੀ | ਇਸ ਮੌਕੇ ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਨੇ ਕਿਹਾ ਕਿ ਡੀ. ਏ. ਵੀ. ਕਾਲਜ ਅੰਮਿ੍ਤਸਰ ਸ਼ਹਿਰ ਦਾ ਪੁਰਾਣਾ ਕਾਲਜ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਕਾਲਜ ਦੇ ਵਿਦਿਆਰਥੀ ਹਰ ਖੇਤਰ ਵਿਚ ਨਵੀਆਂ ਬੁਲੰਦੀਆਂ ਹਾਸਿਲ ਕਰਕੇ ਕਾਲਜ ਦੇ ਨਾਲ-ਨਾਲ ਸ਼ਹਿਰ ਅਤੇ ਸੂਬੇ ਦਾ ਰੌਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਨਵੇਂ ਆਏ ਵਿਦਿਆਰਥੀਆਂ 'ਤੇ ਪੂਰਾ ਭਰੋਸਾ ਹੈ ਕਿ ਇਹ ਵਿਦਿਆਰਥੀ ਵੀ ਕਾਲਜ ਦਾ ਨਾਂਅ ਰੌਸ਼ਨ ਕਰਨਗੇ | ਉਨ੍ਹਾਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਇਸ ਕਾਲਜ ਦਾ ਹਿੱਸਾ ਬਣਕੇ ਭਵਿੱਖ 'ਚ ਆਪਣੀ ਜ਼ਿੰਦਗੀ ਵਿਚ ਵਧੀਆ ਮੁਕਾਮ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕਰਨਗੇ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਮਦਨ ਮੋਹਨ, ਰਜਿਸਟਰਾਰ ਪ੍ਰੋ. ਸੁਰਿੰਦਰ ਕੁਮਾਰ, ਸਟਾਫ਼ ਸਕੱਤਰ ਪ੍ਰੋ. ਨੀਰਜ ਗੁਪਤਾ, ਪ੍ਰਸ਼ਾਸਕ ਪ੍ਰੋ. ਰਜਨੀ ਬਾਲਾ, ਬਰਸਰ ਪ੍ਰੋ. ਕਪਿਲ ਗੋਇਲ, ਡਾ. ਕੁਲਦੀਪ ਸਿੰਘ ਆਰੀਆ, ਪ੍ਰੋ. ਬਲਰਾਮ ਸਿੰਘ ਯਾਦਵ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |