ਛੇਹਰਟਾ, 21 ਜੁਲਾਈ (ਪੱਤਰ ਪ੍ਰੇਰਕ)-ਛੇਹਰਟਾ ਖੇਤਰ ਦੇ ਅਧੀਨ ਪੈਂਦੇ ਪਿੰਡ ਘਣੂੰਪੁਰ ਕਾਲਾ ਦੇ ਵਸਨੀਕ ਇਕ 18 ਸਾਲ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਰੇਲਿੰਗ ਤੋਂ ਤਿਲਕਣ ਕਾਰਨ 300 ਫੁਟ ਡੂੰਘੀ ਖੱਡ ਵਿਚ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਨੌਜਵਾਨ ਦੀ ਮੌਤ ਦੀ ਖਬਰ ਸੁਣਦੇ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਗੁਰਪ੍ਰੀਤ ਸਿੰਘ, ਜੋ ਕਿ ਇਕ ਗ੍ਰੰਥੀ ਸਿੰਘ ਦਾ ਪੁੱਤਰ ਹੈ ਤੇ ਆਪਣੇ ਨਾਨਕੇ ਪਰਿਵਾਰ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ ਹੋਇਆ ਸੀ ਤੇ ਯਾਤਰਾ ਦੌਰਾਨ ਰਸਤੇ ਵਿਚ ਰੇਲਿੰਗ ਤੋਂ ਤਿਲਕਣ ਕਾਰਨ ਉਹ ਨੌਜਵਾਨ 300 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਅਚਾਨਕ ਹਾਦਸੇ ਕਾਰਨ ਪੂਰੇ ਪਰਿਵਾਰ 'ਚ ਗਮ ਦਾ ਮਾਹੌਲ ਹੈ | ਪੀੜਤ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਪੁੱਤਰ ਗੁਰੂ ਘਰ ਦੇ ਦਰਸ਼ਨ ਕਰਨ ਗਿਆ ਸੀ, ਪਰ ਉਸ ਦੀ ਘਰ ਵਾਪਸੀ ਨਹੀਂ ਹੋਈ | ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਣਹੋਣੀ ਹੈ | ਮਿ੍ਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਸਕੂਲ ਦੇ ਅਧਿਆਪਕਾਂ ਨੇ ਵੀ ਦੁਖ ਪ੍ਰਗਟਾਉਂਦੇ ਹੋਏ ਕਿਹਾ ਕਿ ਗੁਰਪ੍ਰੀਤ ਇਕ ਬਹੁਤ ਹੀ ਸੰਘਰਸ਼ੀਲ ਵਿਦਿਆਰਥੀ ਸੀ | ਉਸ ਦੀ ਕਮੀ ਸਦਾ ਮਹਿਸੂਸ ਹੋਵੇਗੀ | ਇਹ ਹਾਦਸਾ ਨਾਂ ਕੇਵਲ ਪਰਿਵਾਰ ਲਈ, ਸਗੋਂ ਪੂਰੇ ਪਿੰਡ ਲਈ ਇਕ ਵੱਡਾ ਘਾਟਾ ਹੈ | ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ 'ਤੇ ਸੁਰੱਖਿਆ ਦੇ ਪ੍ਰਬੰਧ ਹੋਰ ਬੇਹਤਰ ਕੀਤੇ ਜਾਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਭਵਿੱਖ ਵਿਚ ਬਚਾਅ ਕੀਤਾ ਜਾ ਸਕੇ |