27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡੀ. ਸੀ. ਦਫਤਰ ਦੇ ਬਾਹਰ ਧਰਨਾ

ਅਜੀਤ ਡੈਸਕ 22-07-2025

ਅੰਮਿ੍ਤਸਰ, 21 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲੈਂਡ ਪੂਲਿੰਗ ਐਕਟ ਦੇ ਵਿਰੋਧ 'ਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਅਤੇ ਬਘੇਲ ਸਿੰਘ ਕੋਟਮੁਗਲ ਨੇ ਕਿਹਾ ਕਿ ਸਰਕਾਰ ਧੱਕੇ ਨਾਲ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਜ਼ਮੀਨ ਐਕਵਾਇਰ ਕਰਨਾ ਚਾਹੁੰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਆਪ ਖੁਦ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਕਿਉਂਕਿ ਜ਼ਮੀਨ ਐਕਵਾਇਰ 2013 ਦੇ ਕਾਨੂੰਨ ਅਨੁਸਾਰ ਜ਼ਮੀਨ ਐਕਵਾਇਰ ਕਰਨ ਲਈ 80 ਫੀਸਦੀ ਪਿੰਡ ਦੇ ਨਾਗਰਿਕਾਂ ਦੀ ਸਹਿਮਤੀ ਜ਼ਰੂਰੀ ਹੈ ਪਰ ਇਥੇ ਉਸ ਕਾਨੂੰਨ ਨੂੰ ਛਿੱਕੇ ਟੰਗ ਕੇ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਨੀਤੀ ਨੂੰ ਲਿਆਉਣ ਤੋਂ ਪਹਿਲਾਂ ਕੋਈ ਸਰਵੇਖਣ ਨਹੀਂ ਕੀਤਾ ਅਤੇ ਬਿਨਾਂ ਪਿੰਡਾਂ ਦੀ ਸਹਿਮਤੀ ਤੋਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ 'ਚ ਖੇਤ ਮਜ਼ਦੂਰ ਹਨ ਉਨ੍ਹਾਂ ਦੇ ਮੁੜ ਵਸੇਬੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਉਨ੍ਹਾਂ ਸਰਕਾਰ ਨੂੰ ਇਸ ਫ਼ੈਸਲੇ 'ਤੇ ਮੁੜ ਗੌਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡਾ ਦੇ ਲੋਕ ਇਸ ਐਕਟ ਖ਼ਿਲਾਫ਼ ਮਤੇ ਪਾ ਰਹੇ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੇ ਇਸ ਖ਼ਿਲਾਫ਼ ਘੋਸ਼ਣਾ ਪੱਤਰ ਵੀ ਦਿੱਤੇ ਹਨ | ਆਗੂਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਪਹਿਲਾਂ ਹੀ ਪੰਜਾਬ 'ਚ ਬਹੁਤ ਜ਼ਮੀਨ ਹਾਈਵੇ ਪ੍ਰਜੈਕਟਾਂ 'ਚ ਜਾ ਚੁੱਕੀ ਤੇ ਹੁਣ ਇਸ ਪ੍ਰਜੈਕਟ ਕਰਕੇ ਉਪਜਾਊ ਜ਼ਮੀਨਾਂ ਦਾ ਰਕਬਾ ਘੱਟਦਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਰਾਜਾਸਾਂਸੀ ਹਲਕੇ 'ਚ ਹੋਈ ਕਣਕ ਦੀ ਗੜੇਮਾਰੀ ਦਾ ਮੁਆਵਜ਼ਾ ਅਜੇ ਤੱਕ ਜਾਰੀ ਨਹੀਂ ਹੋਇਆ | ਸੈਂਕੜੇ ਲੋਕਾਂ ਦੇ ਇਕੱਠ ਨੇ ਮੰਗ ਕੀਤੀ ਕਿ ਲੈਂਡ ਪੂਲਿੰਗ ਐਕਟ ਦਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ 30 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਇਸ ਐਕਟ ਅਧੀਨ ਆਏ ਪਿੰਡਾਂ 'ਚ ਟਰੈਕਟਰ ਮਾਰਚ ਕੱਢਿਆ ਜਾਵੇਗਾ | ਇਸ ਮੌਕੇ ਪਰਮਿੰਦਰ ਸਿੰਘ ਪੰਡੋਰੀ, ਜਗਜੀਵਨ ਸਿੰਘ ਤਲਵੰਡੀ, ਕੁਲਦੀਪ ਸਿੰਘ ਮੱਤੇਨੰਗਲ, ਰਾਜਨ ਸਿੰਘ ਮੋੜੇ, ਪ੍ਰਗਟ ਸਿੰਘ ਧਰਮਕੋਟ, ਮੰਗਲ ਸਿੰਘ ਗੋਸਲ, ਕੁਲਬੀਰ ਸਿੰਘ ਜੇਠੂਵਾਲ, ਸਤਿੰਦਰ ਸਿੰਘ ਫਤਹਿਗੜ੍ਹ, ਜਸਪਾਲ ਸਿੰਘ ਧੰਗਈ, ਕੁਲਵੰਤ ਕੌਰ ਤਲਵੰਡੀ, ਹਰਪ੍ਰੀਤ ਕੌਰ, ਪਰਮਜੀਤ ਕੌਰ ਕੋਟ ਮੁਗਲ, ਸਤਨਾਮ ਸਿੰਘ ਭਕਨਾ, ਕੁਲਦੀਪ ਸਿੰਘ ਨੰਗਲ, ਬਲਵਿੰਦਰ ਸਿੰਘ ਮੀਰਾਂਕੋਟ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਡੂੰਘੀ ਖੱਡ 'ਚ ਡਿਗਣ ਨਾਲ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਕਬਜ਼ਾ ਧਾਰਕਾਂ ਵਲੋਂ ਨਗਰ ਸੁਧਾਰ ਟਰੱਸਟ ਦੀ ਟੀਮ ਨਾਲ ਬਦਸਲੂਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।