ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਨੇ ਇਕ ਘਰ ਦੀ ਗਲੀ ਵਾਲੀ ਕੰਧ ਅਤੇ ਬਰਾਂਡੇ ਵਾਲੀ ਛੱਤ ਨੂੰ ਢਾਹੁਣ ਦੇ ਦੋਸ਼ ਵਿਚ ਦਰਜਨ ਤੋਂ ਵਧੇਰੇ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਗੁਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਰਿਸ਼ਤੇਦਾਰ ਵਿਚ ਭੂਆ ਸਰਬਜੀਤ ਕੌਰ ਵਾਸੀ ਨੌਸ਼ਹਿਰਾ ਢਾਲਾ ਤਰਨ ਤਾਰਨ ਆਪਣੇ ਨਾਲ ਸੁਖਦੇਵ ਸਿੰਘ ਵਾਸੀ ਮਿਆਦੀਆਂ, ਜਰਨੈਲ ਸਿੰਘ ਤੇ ਮਨਦੀਪ ਸਿੰਘ ਸਮੇਤ 15/16 ਅਣਪਛਾਤੇ ਵਿਅਕਤੀ ਜੇ. ਸੀ. ਬੀ. ਮਸ਼ੀਨ ਲੈ ਕੇ ਗਲੀ ਵਿਚ ਆ ਕੇ ਧੱਕੇ ਨਾਲ ਸਾਡੇ ਘਰ ਦੇ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਕਬਜ਼ਾ ਕਰਨ ਦੀ ਨੀਅਤ ਨਾਲ ਉਕਤ ਵਿਅਕਤੀਆਂ ਨੇ ਜਗ੍ਹਾ ਦੀ ਗਲੀ ਵਾਲੇ ਪਾਸੇ ਦੀ ਕੰਧ 'ਤੇ ਬਰਾਂਡੇ ਦੀ ਛੱਤ ਢਾਹ ਦਿੱਤੀ | ਜਦੋਂ ਮੈਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਜੇ. ਸੀ. ਬੀ. ਮਸ਼ੀਨ ਲੈ ਕੇ ਭੱਜ ਗਏ | ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਸੰਬੰਧੀ ਸਰਬਜੀਤ ਕੌਰ ਵਾਸੀ ਨੌਸ਼ਹਿਰਾ ਢਾਲਾ, ਸੁਖਦੇਵ ਸਿੰਘ ਮਿਆਦੀਆਂ, ਜਰਨੈਲ ਸਿੰਘ ਅਤੇ ਮਨਦੀਪ ਸਿੰਘ ਵਾਸੀ ਕਿਆਮਪੁਰ ਸਮੇਤ 15/16 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |