ਕੱਥੂਨੰਗਲ/ਚਵਿੰਡਾ ਦੇਵੀ 20 ਜੁਲਾਈ (ਦਲਵਿੰਦਰ ਸਿੰਘ ਰੰਧਾਵਾ/ਸਤਪਾਲ ਸਿੰਘ ਢੱਡੇ)-ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੱਥੂਨੰਗਲ, ਪਤਾਲਪੁਰੀ, ਕਰਨਾਲਾ, ਅੰਬ ਵਾਲਾ ਤੇ ਕੱਥੂਨੰਗਲ ਖੁਰਦ ਤੇ ਵੱਖ-ਵੱਖ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਹੈ ਪਰ ਇਸ ਦੇ ਬਾਵਜੂਦ ਹੁਣ ਫਿਰ ਤੋਂ ਹਲਕਾ ਮਜੀਠਾ ਦੇ ਇਨ੍ਹਾਂ ਪਿੰਡਾਂ ਵਿਚ ਧੜੱਲੇ ਨਾਲ ਰੂੜੀ ਮਾਰਕਾ ਸ਼ਰਾਬ ਅਲਕੋਹਲ ਸ਼ਰੇਆਮ ਪ੍ਰਸ਼ਾਸਨ ਦੇ ਨੱਕ ਹੇਠ ਵਿਕ ਰਹੀ ਹੈ | ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਇਲਾਕੇ ਦੇ ਵਿਚ ਭਾਵੇਂ ਕਿ ਪੁਲਿਸ ਦੇ ਕੁਝ ਅਫਸਰਾਂ ਨੂੰ ਸਸਪੈਂਡ ਵੀ ਕੀਤਾ ਗਿਆ ਪ੍ਰੰਤੂ ਕੁਝ ਦਿਨਾਂ ਦੀ ਸਖਤਾਈ ਤੋਂ ਬਾਅਦ ਫਿਰ ਤੋਂ ਇਸ ਨਾਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿਚ ਲਿਪਤ ਲੋਕ ਸ਼ਰੇਆਮ ਅਲਕੋਹਲ ਵੇਚ ਰਹੇ ਹਨ ਜਿਸ ਵਲੋਂ ਫਿਰ ਤੋਂ ਪੁਲਿਸ ਪ੍ਰਸ਼ਾਸਨ ਇਸ ਨਾਜਾਇਜ਼ ਧੰਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਪਿਛਲੇ ਦਿਨੀਂ ਵਾਪਰੇ ਇਹ ਜ਼ਹਿਰੀਲੀ ਸ਼ਰਾਬ ਨਾਲ ਦੁਖਦਾਈ ਘਟਨਾਕ੍ਰਮ 'ਤੇ ਕੁਝ ਲੋਕਾਂ ਵਲੋਂ ਸਿਆਸੀ ਰੋਟੀਆਂ ਵੀ ਸੇਕੀਆਂ ਗਈਆਂ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਰਿਹਾ | ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਪਰ ਸਰਕਾਰ ਦੀ ਇਸ ਮੁਹਿੰਮ ਨੂੰ ਅਜਿਹੇ ਧੰਦੇ 'ਚ ਲਿਪਤ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੀ ਮੁਹਿੰਮ 'ਤੇ ਪਾਣੀ ਫੇਰਨ ਤੋਂ ਬਾਜ਼ ਨਹੀਂ ਆ ਰਹੇ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਗੁਪਤ ਜਾਣਕਾਰੀ ਅਨੁਸਾਰ ਉਕਤ ਪਿੰਡਾਂ ਦੇ ਵਿਚ ਸ਼ਾਮ ਢਲਦਿਆਂ ਹੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਸ਼ੁਰੂ ਹੋ ਜਾਂਦਾ ਹੈ | ਇਹ ਸ਼ਰਾਬ ਨੂੰ ਪੀਣ ਵਾਲਿਆਂ ਵਿਚ ਜ਼ਿਆਦਾਤਰ ਮਜ਼ਦੂਰ ਤਬਕਾ ਹੀ ਸ਼ਾਮਿਲ ਹੁੰਦਾ ਜੋ ਕਿ ਠੇਕੇ ਦੀ ਮਹਿੰਗੀ ਸ਼ਰਾਬ ਖਰੀਦਣ ਤੋਂ ਅਸਮਰਥ ਹਨ ਤੇ ਸ਼ਾਮ ਨੂੰ ਸਾਰਾ ਦਿਨ ਦੀ ਆਪਣੀ ਥਕਾਨ ਮਿਟਾਉਣ ਲਈ ਇਸ ਗ਼ੈਰ ਕਾਨੂੰਨੀ ਸ਼ਰਾਬ ਦਾ ਸਹਾਰਾ ਲੈਂਦੇ ਹਨ ਪਰ ਉਨ੍ਹਾਂ ਦੀ ਇਸ ਮਜਬੂਰੀ ਦਾ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਵਲੋਂ ਪੂਰਾ ਲਾਹਾ ਲਿਆ ਜਾਂਦਾ ਹੈ | ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਸਿਵੇ ਅਜੇ ਤੱਕ ਠੰਡੇ ਨਹੀਂ ਹੋਏ | ਸ਼ਾਮ ਨੂੰ ਪਿੰਡਾਂ ਵਿਚ ਲਗਦੇ ਇਨ੍ਹਾਂ ਮੇਲਿਆਂ ਤੋਂ ਪੁਲਿਸ ਵੀ ਭਲੀਭਾਂਤ ਜਾਣੂ ਹੈ ਪਰ ਇਸਦੇ ਬਾਵਜੂਦ ਇਨ੍ਹਾਂ ਸ਼ਰਾਬ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਇਲਾਕੇ ਦੇ ਇਨ੍ਹਾਂ ਪਿੰਡਾਂ ਦੇ ਕੁਝ ਲੋਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕੇ ਜ਼ਹਿਰੀਲੀ ਸ਼ਰਾਬ ਵਾਲੀ ਘਟਨਾ ਤੋਂ ਬਾਅਦ ਪੁਲਿਸ ਦੀ ਸਖਤੀ ਰਹੀ ਜਿਸ ਕਾਰਨ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਕੁਝ ਦਿਨ ਲਈ ਰੂਪੋਸ਼ ਹੋ ਗਏ ਸਨ ਪਰ ਫਿਰ ਉਨ੍ਹਾਂ ਦੇ ਖੰਭ ਨਿਕਲਣੇ ਸ਼ੁਰੂ ਹੋ ਗਏ ਹਨ ਅਤੇ ਉਹ ਫਿਰ ਪੂਰੀ ਤਰ੍ਹਾਂ ਸਰਗਰਮ ਹੋ ਰਹੇ ਹਨ |